IMG-LOGO
ਹੋਮ ਪੰਜਾਬ, ਰਾਸ਼ਟਰੀ, ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ...

ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਕੇਜਰੀਵਾਲ

Admin User - Jul 21, 2026 03:31 PM
IMG

ਨਵੀਂ ਦਿੱਲੀ, 21 ਜੁਲਾਈ-

ਸੋਮਵਾਰ ਨੂੰ ਜੰਤਰ-ਮੰਤਰ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਬਾਵਜੂਦ ਲਾਠੀਚਾਰਜ ਤੋਂ ਬਾਅਦ ਝੂਠੇ ਮੁਕੱਦਮੇ ਦਰਜ ਕਰਕੇ ਨੌਜਵਾਨਾਂ ਨੂੰ ਪਰੇਸ਼ਾਨ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖੁਦ ਸਾਹਮਣੇ ਆ ਕੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਨੂੰਨੀ ਅਤੇ ਮੈਡੀਕਲ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਹੋਈ ਬਰਬਰਤਾ ਬੇਹੱਦ ਸ਼ਰਮਨਾਕ ਹੈ। ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਨਾਲ ਆਮ ਆਦਮੀ ਪਾਰਟੀ ਖੜ੍ਹੀ ਹੈ। ਤੁਸੀਂ ਸਭ ਸਾਡੇ ਬੱਚੇ ਹੋ। ਤੁਸੀਂ ਬਿਲਕੁਲ ਘਬਰਾਉਣਾ ਨਹੀਂ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇਹ ਲੜਾਈ ਅਸੀਂ ਮਿਲ ਕੇ ਲੜਾਂਗੇ। ਲੀਗਲ ਜਾਂ ਮੈਡੀਕਲ ਸਹਾਇਤਾ ਲਈ 8588833548 ਨੰਬਰ 'ਤੇ ਕਾਲ ਕਰੋ। ਆਮ ਆਦਮੀ ਪਾਰਟੀ ਦੀ ਲੀਗਲ ਅਤੇ ਮੈਡੀਕਲ ਟੀਮ ਤੁਰੰਤ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਲਈ ਚੰਗੇ ਤੋਂ ਚੰਗੀ ਲੀਗਲ ਟੀਮ ਉਪਲਬਧ ਕਰਵਾਵਾਂਗੇ।

ਮੰਗਲਵਾਰ ਨੂੰ 'ਆਪ' ਮੁੱਖ ਦਫਤਰ 'ਤੇ ਪ੍ਰੈੱਸ ਵਾਰਤਾ ਕਰਕੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਨੂੰ ਜਿਸ ਤਰ੍ਹਾਂ ਨਾਲ ਮੋਦੀ ਸਰਕਾਰ ਨੇ ਸਾਡੇ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ 'ਤੇ ਬਰਬਰਤਾ ਨਾਲ ਹਮਲਾ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਇਤਿਹਾਸ ਵਿੱਚ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ। ਮੋਦੀ ਜੀ ਨੇ ਤਾਂ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅੰਗਰੇਜ਼ਾਂ ਨੇ ਵੀ ਸ਼ਾਇਦ ਕਦੇ ਆਜ਼ਾਦੀ ਘੁਲਾਟੀਆਂ 'ਤੇ ਇਸ ਤਰ੍ਹਾਂ ਲਾਠੀਚਾਰਜ ਜਾਂ ਹਮਲਾ ਨਹੀਂ ਕੀਤਾ ਹੋਵੇਗਾ, ਜਿਸ ਤਰ੍ਹਾਂ ਮੋਦੀ ਸਰਕਾਰ ਨੇ ਸੋਮਵਾਰ ਨੂੰ ਆਪਣੇ ਹੀ ਦੇਸ਼ ਦੇ ਬੱਚਿਆਂ 'ਤੇ ਕੀਤਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਜਿਹੇ ਅਣਗਿਣਤ ਵੀਡੀਓ ਹਨ, ਜਿਨ੍ਹਾਂ ਵਿੱਚ ਬੱਚੇ ਪੁਲਿਸ ਅੱਗੇ ਤਰਲੇ ਕੱਢ ਰਹੇ ਹਨ ਅਤੇ ਕੁੜੀਆਂ ਹੱਥ ਜੋੜ ਰਹੀਆਂ ਹਨ, ਪਰ ਪੁਲਿਸ ਲਗਾਤਾਰ ਉਨ੍ਹਾਂ ਦੀ ਕੁੱਟਮਾਰ ਕਰ ਰਹੀ ਹੈ। ਕਈ ਵੀਡੀਓਜ਼ ਵਿੱਚ ਦਿਖ ਰਿਹਾ ਹੈ ਕਿ ਨਿਹੱਥੇ ਬੱਚਿਆਂ 'ਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤਾ ਜਾ ਰਿਹਾ ਹੈ। ਮੈਂ ਦੇਖਿਆ ਕਿ ਦੋ-ਤਿੰਨ ਪੁਲਿਸ ਵਾਲੇ ਖੜ੍ਹੇ ਹਨ ਅਤੇ ਉੱਥੋਂ ਲੰਘਣ ਵਾਲੇ ਹਰ ਬੱਚੇ 'ਤੇ ਬਿਨਾਂ ਕਿਸੇ ਵਜ੍ਹਾ ਦੇ ਲਾਠੀਆਂ ਵਰ੍ਹਾ ਰਹੇ ਹਨ। ਕਈ ਜਗ੍ਹਾ ਤਾਂ ਜਿੱਥੇ ਕੋਈ ਜ਼ਰੂਰਤ ਹੀ ਨਹੀਂ ਸੀ ਅਤੇ ਸਿਰਫ 20-25 ਬੱਚੇ ਬੈਠੇ ਸਨ, ਉੱਥੇ ਵੀ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ ਗਏ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚਿਆਂ 'ਤੇ ਕਈ ਝੂਠੀਆਂ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਕਈ ਮਾਪੇ ਲਿਖ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਗਾਇਬ ਹਨ ਅਤੇ ਮਿਲ ਨਹੀਂ ਰਹੇ। ਸ਼ਾਇਦ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਕਿਸੇ ਜੇਲ੍ਹ ਜਾਂ ਅਣਪਛਾਤੀ ਜਗ੍ਹਾ ਲੈ ਗਈ ਹੈ ਅਤੇ ਕੋਈ ਕੁਝ ਦੱਸਣ ਵਾਲਾ ਨਹੀਂ ਹੈ। ਇਸ ਤਰ੍ਹਾਂ ਦੀ ਕਰੂਰਤਾ ਅੱਜ ਤੱਕ ਕਦੇ ਨਹੀਂ ਦੇਖੀ ਗਈ। ਅਜਿਹਾ ਲੱਗਦਾ ਹੈ ਕਿ ਮੋਦੀ ਜੀ ਨੇ ਜੱਲ੍ਹਿਆਂਵਾਲੇ ਬਾਗ ਦੇ ਜਨਰਲ ਡਾਇਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਸ਼ਾਇਦ ਜਨਰਲ ਡਾਇਰ ਦੀ ਆਤਮਾ ਨੇ ਹੀ ਮੋਦੀ ਜੀ ਦੇ ਰੂਪ ਵਿੱਚ ਜਨਮ ਲਿਆ ਹੈ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਥੋੜ੍ਹੀ ਦੇਰ ਪਹਿਲਾਂ ਮੋਦੀ ਸਰਕਾਰ ਦੀ ਪੁਲਿਸ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਸੋਮਵਾਰ ਨੂੰ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ, ਉਨ੍ਹਾਂ ਸਾਰਿਆਂ ਖਿਲਾਫ ਸਖਤ ਐੱਫਆਈਆਰ ਕਰਾਂਗੇ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਦੇਸ਼ ਤੁਹਾਡੇ ਪਿਤਾ ਜੀ ਦਾ ਨਹੀਂ ਹੈ, ਇਹ 140 ਕਰੋੜ ਲੋਕਾਂ ਦਾ ਹੈ। ਇਸ ਤਰ੍ਹਾਂ ਦੀਆਂ ਧਮਕੀਆਂ ਦੇਣਾ ਬੰਦ ਕਰੋ, ਨਹੀਂ ਤਾਂ ਦੇਸ਼ ਦੇ ਲੋਕ ਤੁਹਾਨੂੰ ਅਜਿਹਾ ਮਜ਼ਾ ਚਖਾਉਣਗੇ ਕਿ ਇਤਿਹਾਸ ਯਾਦ ਰੱਖੇਗਾ ਕਿ ਇਸ ਦੇਸ਼ ਵਿੱਚ ਇੱਕ ਤਾਨਾਸ਼ਾਹ ਦਾ ਕੀ ਹਸ਼ਰ ਹੋਇਆ ਸੀ। ਉਨ੍ਹਾਂ ਦੇਸ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਤੁਸੀਂ ਬਿਲਕੁਲ ਚਿੰਤਾ ਨਾ ਕਰਨਾ, ਅਸੀਂ ਸਭ ਇੱਕ ਨਾਲ ਹਾਂ। ਅਸੀਂ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਹੋਣ ਦੇਵਾਂਗੇ।


ਅਰਵਿੰਦ ਕੇਜਰੀਵਾਲ ਨੇ ਇੱਕ ਹੈਲਪਲਾਈਨ ਨੰਬਰ 8588833548 ਜਾਰੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਲੀਗਲ ਮਦਦ ਦੀ ਜ਼ਰੂਰਤ ਹੈ, ਕਿਸੇ ਦੇ ਬੱਚੇ ਨਹੀਂ ਮਿਲ ਰਹੇ, ਬੱਚਿਆਂ 'ਤੇ ਝੂਠਾ ਕੇਸ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਤਾਂ ਉਹ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਆਮ ਆਦਮੀ ਪਾਰਟੀ ਨੇ ਇੱਕ ਲੀਗਲ ਟੀਮ ਬਣਾਈ ਹੈ ਜੋ ਤੁਹਾਡੀ ਮਦਦ ਕਰੇਗੀ। ਜੇ ਜ਼ਰੂਰਤ ਪਈ ਤਾਂ ਦੇਸ਼ ਦਾ ਵੱਡੇ ਤੋਂ ਵੱਡਾ ਵਕੀਲ ਵੀ ਤੁਹਾਡੇ

 ਬੱਚਿਆਂ ਲਈ ਖੜ੍ਹਾ ਕਰਾਂਗੇ। ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਮੋਦੀ ਜੀ ਧਮਕੀਆਂ ਆਪਣੀ ਜੇਬ ਵਿੱਚ ਰੱਖਣ, ਇਹ ਦੇਸ਼ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਅਸੀਂ 140 ਕਰੋੜ ਲੋਕ ਇੱਕ ਨਾਲ ਹਾਂ। ਤੁਸੀਂ ਇਸ ਦੇਸ਼ ਦੇ ਨੌਜਵਾਨਾਂ ਅਤੇ ਬੱਚਿਆਂ 'ਤੇ ਹਮਲਾ ਕਰਕੇ ਪੂਰੇ 140 ਕਰੋੜ ਲੋਕਾਂ 'ਤੇ ਹਮਲਾ ਕੀਤਾ ਹੈ। ਜੇਕਰ ਕਿਸੇ ਨੂੰ ਮੈਡੀਕਲ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੈ, ਤਾਂ ਉਹ ਹੈਲਪਲਾਈਨ ਨੰਬਰ 'ਤੇ ਕਾਲ ਕਰਨ ਦੀ ਬਜਾਏ ਮੈਸੇਜ ਕਰਨ। ਮੈਸੇਜ ਮਿਲਦਿਆਂ ਹੀ ਸਾਡੀ ਟੀਮ ਤੁਰੰਤ ਸੰਪਰਕ ਕਰੇਗੀ ਅਤੇ ਹਰ ਸੰਭਵ ਮਦਦ ਪਹੁੰਚਾਏਗੀ।


ਮੈਂ ਕਿਸੇ ਕਾਰਨ ਪੰਜਾਬ ਸੀ, ਪਰ ਮੇਰੇ ਦੋਵੇਂ ਬੱਚੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਨਾਲ ਚੱਲ ਰਹੇ ਸਨ - ਕੇਜਰੀਵਾਲ


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਮੈਨੂੰ ਪੁੱਛ ਰਹੇ ਸਨ ਕਿ ਮੈਂ ਸੋਮਵਾਰ ਨੂੰ ਪ੍ਰਦਰਸ਼ਨ ਵਿੱਚ ਕਿਉਂ ਨਹੀਂ ਸੀ? ਮੈਨੂੰ ਕਿਸੇ ਕਾਰਨ ਪੰਜਾਬ ਜਾਣ ਪਿਆ ਸੀ, ਪਰ ਮੇਰੇ ਦੋਵੇਂ ਬੱਚੇ ਪ੍ਰਦਰਸ਼ਨ ਵਿੱਚ ਮੌਜੂਦ ਸਨ। ਉਹ 4-5 ਘੰਟੇ ਤੱਕ ਬਾਕੀ ਪ੍ਰਦਰਸ਼ਨਕਾਰੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਸਨ। ਜਿੱਥੇ ਹੰਝੂ ਗੈਸ ਦੇ ਗੋਲੇ ਛੱਡੇ ਗਏ, ਮੇਰੇ ਬੱਚੇ ਉੱਥੇ ਹੀ ਮੌਜੂਦ ਸਨ। ਸਾਡੇ ਸਾਰੇ ਨੇਤਾ ਅਤੇ ਪੂਰੀ ਆਮ ਆਦਮੀ ਪਾਰਟੀ ਉੱਥੇ ਮੌਜੂਦ ਸੀ। ਇਹ ਪੂਰਾ ਦੇਸ਼ 140 ਕਰੋੜ ਲੋਕਾਂ ਦਾ ਇੱਕ ਪਰਿਵਾਰ ਹੈ। ਕਿਸੇ ਨੂੰ ਇਨ੍ਹਾਂ ਤਾਨਾਸ਼ਾਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਸਭ ਇੱਕ ਨਾਲ ਹਾਂ ਅਤੇ ਮਿਲ ਕੇ ਲੜਾਂਗੇ।


ਸਾਡੇ ਦੇਸ਼ ਦੇ ਬੱਚੇ ਦੇਸ਼ਧ੍ਰੋਹੀ ਨਹੀਂ ਹਨ, ਮੋਦੀ ਜੀ ਖੁਦ ਦੇਸ਼ਧ੍ਰੋਹੀ ਹਨ - ਕੇਜਰੀਵਾਲ


ਲਗਾਤਾਰ ਹੋ ਰਹੀਆਂ ਐੱਫਆਈਆਰ ਅਤੇ ਪ੍ਰਦਰਸ਼ਨ ਦੇ ਪ੍ਰਾਇੋਜਿਤ ਹੋਣ ਦੇ ਦੋਸ਼ਾਂ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਭਾਜਪਾ ਵਾਲਿਆਂ ਦਾ ਇੱਕ ਤੈਅ ਨਰੇਟਿਵ ਹੈ। ਜੇ ਮੋਦੀ ਜੀ ਕਹਿੰਦੇ ਹਨ ਕਿ ਇਹ ਬੱਚੇ ਐਂਟੀ-ਨੈਸ਼ਨਲ ਸਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਜੀ, ਇਸ ਦੇਸ਼ ਦੇ ਸਭ ਤੋਂ ਵੱਡੇ ਦੇਸ਼ਧ੍ਰੋਹੀ ਤੁਸੀਂ ਖੁਦ ਹੋ। ਜੇਕਰ ਉਹ ਕਹਿੰਦੇ ਹਨ ਕਿ ਇਹ ਬੱਚੇ ਅੱਤਵਾਦੀ ਸਨ, ਤਾਂ ਸਭ ਤੋਂ ਵੱਡੇ ਅੱਤਵਾਦੀ ਵੀ ਤੁਸੀਂ ਹੀ ਹੋ। ਇਹ ਦੇਸ਼ ਹੁਣ ਤੁਹਾਡੇ ਤੋਂ ਦੁਖੀ ਹੋ ਚੁੱਕਾ ਹੈ। ਬੱਚਿਆਂ 'ਤੇ ਲਗਾਏ ਜਾ ਰਹੇ ਇਹ ਸਾਰੇ ਦੋਸ਼ ਬਿਲਕੁਲ ਗਲਤ ਹਨ


ਬੱਚਿਆਂ ਦੀ ਛੋਟੀ ਜਿਹੀ ਮੰਗ ਹੈ ਪੇਪਰ ਲੀਕ ਬੰਦ ਕਰੋ, ਮੋਦੀ ਇੰਨਾ ਵੀ ਨਹੀਂ ਕਰ ਸਕਦੇ, ਕਿਉਂ? - ਕੇਜਰੀਵਾਲ


ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਸਾਡੇ ਬੱਚੇ ਹਨ ਅਤੇ ਇਹ ਤੁਹਾਡੇ ਤੋਂ ਆਖਰ ਮੰਗ ਕੀ ਰਹੇ ਹਨ? ਇਹ ਸਿਰਫ ਇੰਨਾ ਕਹਿ ਰਹੇ ਹਨ ਕਿ ਪੇਪਰ ਲੀਕ ਕਰਵਾਉਣਾ ਬੰਦ ਕਰੋ। ਇੱਕ ਪ੍ਰਧਾਨ ਮੰਤਰੀ ਹੋ ਕੇ ਵੀ ਤੁਸੀਂ ਪੇਪਰ ਲੀਕ ਕਰਵਾਉਣਾ ਬੰਦ ਨਹੀਂ ਕਰ ਸਕਦੇ। ਜਾਂ ਤਾਂ ਤੁਸੀਂ ਪੂਰੀ ਤਰ੍ਹਾਂ ਬੇਵੱਸ ਹੋ, ਜਾਂ ਫਿਰ ਪੇਪਰ ਲੀਕ ਦਾ ਪੈਸਾ ਤੁਹਾਡੇ ਤੱਕ ਪਹੁੰਚ ਰਿਹਾ ਹੈ। ਅਤੇ ਇਸ ਦੇ ਬਾਵਜੂਦ ਤੁਸੀਂ ਇਨ੍ਹਾਂ ਹੀ ਬੱਚਿਆਂ ਨੂੰ ਦੇਸ਼ਧ੍ਰੋਹੀ ਅਤੇ ਅੱਤਵਾਦੀ ਕਹਿ ਰਹੇ ਹੋ।


ਪੁਲਿਸ ਵੱਲੋਂ ਖੁਦ ਆਪਣੀ ਗੱਡੀ ਤੋੜਨ ਅਤੇ ਪੱਥਰ ਮਾਰਨ ਦੀਆਂ ਕਈ ਵੀਡੀਓਜ਼ ਵਾਇਰਲ ਹਨ, ਕੀ ਇਹ ਸਹੀ ਹੈ? - ਕੇਜਰੀਵਾਲ


ਇੱਕ ਸਵਾਲ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਨੂੰ ਅਜਿਹੇ ਵੀਡੀਓ ਵਾਇਰਲ ਹੋਏ ਹਨ ਜਿਨ੍ਹਾਂ ਵਿੱਚ ਪੁਲਿਸ ਬੱਚਿਆਂ ਦੇ ਉੱਪਰ ਪੱਥਰ ਮਾਰ ਰਹੀ ਹੈ। ਕੀ ਪੁਲਿਸ ਦਾ ਕੰਮ ਪੱਥਰ ਮਾਰਨਾ ਹੈ? ਅਜਿਹੇ ਵੀਡੀਓ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪੁਲਿਸ ਆਪਣੀਆਂ ਹੀ ਗੱਡੀਆਂ ਤੋੜ ਰਹੀ ਹੈ ਅਤੇ ਸਾਦੇ ਕੱਪੜਿਆਂ ਵਿੱਚ ਆ ਕੇ ਲਾਠੀਚਾਰਜ ਕਰ ਰਹੀ ਹੈ। ਕੀ ਇਹ ਸਹੀ ਹੈ? ਤੁਸੀਂ ਇਸ ਤਰ੍ਹਾਂ ਦੇ ਝੂਠੇ ਦੋਸ਼ ਲਗਾ ਕੇ ਆਪਣੇ ਹੀ ਦੇਸ਼ ਦੇ ਬੱਚਿਆਂ ਨੂੰ ਜੇਲ੍ਹ ਦੇ ਅੰਦਰ ਡੱਕ ਦਿਓਗੇ?

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.