ਤਾਜਾ ਖਬਰਾਂ
ਨੀਟ-ਯੂ.ਜੀ. (NEET-UG) 2026 ਪ੍ਰੀਖਿਆ ਲੀਕ ਮੁੱਦੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਜ਼ਿੱਦ 'ਤੇ ਅੜੀ 'ਕੋਕਰੋਚ ਜਨਤਾ ਪਾਰਟੀ' (CJP) ਵੱਲੋਂ ਕੱਢੇ ਗਏ ਸੰਸਦ ਮਾਰਚ ਦੌਰਾਨ ਦੇਸ਼ ਦੀ ਰਾਜਧਾਨੀ ਵਿੱਚ ਹੰਗਾਮਾ ਖੜ੍ਹਾ ਹੋ ਗਿਆ। ਬੈਰੀਕੇਡ ਤੋੜ ਕੇ ਅੱਗੇ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਡੱਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਖਲਬਲੀ ਮਚ ਗਈ। ਇਸ ਹਿੰਸਕ ਝੜਪ ਵਿੱਚ ਕਈ ਪੁਲਿਸ ਕਰਮੀ ਤੇ ਅੰਦੋਲਨਕਾਰੀ ਜ਼ਖ਼ਮੀ ਹੋਏ ਹਨ, ਜਦਕਿ 100 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦਿੱਲੀ 'ਚ ਅੰਦੋਲਨਕਾਰੀ ਨੌਜਵਾਨਾਂ 'ਤੇ ਹੋਏ ਪੁਲਿਸ ਜਬਰ ਦੀ ਚਰਚਿਤ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਕਰੜੀ ਸ਼ਬਦਾਂ 'ਚ ਆਲੋਚਨਾ ਕੀਤੀ ਹੈ।
ਦਿਲਜੀਤ ਦੋਸਾਂਝ ਦਾ ਬਿਆਨ:
"ਹੱਕਾਂ ਲਈ ਆਵਾਜ਼ ਉਠਾ ਰਹੇ ਵਿਦਿਆਰਥੀਆਂ ਨਾਲ ਅਜਿਹਾ ਸਖ਼ਤ ਰਵੱਈਆ ਬਿਲਕੁਲ ਗਲਤ ਹੈ। ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਬੱਚਿਆਂ ਦੀਆਂ ਵਾਜਬ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ, ਕਿਉਂਕਿ ਜਨਤਾ ਦੀ ਆਵਾਜ਼ ਹੀ ਅਸਲ ਵਿੱਚ ਰੱਬ ਦਾ ਰੂਪ ਹੁੰਦੀ ਹੈ।"
ਸਾਲ 2019 ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੋਧੀ ਵਿਰੋਧ ਪ੍ਰਦਰਸ਼ਨਾਂ ਵਰਗੀ ਸਥਿਤੀ ਦੇਖਦਿਆਂ, ਕੇਂਦਰ ਸਰਕਾਰ ਨੇ 20 ਜੂਨ ਤੋਂ ਜਾਰੀ ਇਸ ਅੰਦੋਲਨ ਦੌਰਾਨ ਪਹਿਲੀ ਵਾਰ ਸੀ.ਜੇ.ਪੀ. ਦੇ ਆਗੂਆਂ ਨਾਲ ਗੱਲਬਾਤ ਦਾ ਰਸਤਾ ਖੋਲ੍ਹਿਆ। ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਸੀ.ਜੇ.ਪੀ. ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਮੰਗ-ਪੱਤਰ ਲਿਆ। ਸਰਕਾਰ ਨੇ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ, ਪਰ ਸੀ.ਜੇ.ਪੀ. ਆਗੂਆਂ ਨੇ ਸਿੱਖਿਆ ਮੰਤਰੀ ਦੀ ਬਰਖ਼ਾਸਤਗੀ ਤੋਂ ਬਿਨਾਂ ਅੰਦੋਲਨ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਸ ਦੌਰਾਨ ਹਿੰਸਾ 'ਚ ਜ਼ਖ਼ਮੀ ਹੋ ਕੇ ਹਸਪਤਾਲ 'ਚ ਭਰਤੀ ਪ੍ਰਸਿੱਧ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਹਸਪਤਾਲ ਦੇ ਬੈੱਡ ਤੋਂ ਹੀ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਭਵਨ ਵਿੱਚ ਸੰਸਦ ਮੈਂਬਰਾਂ (MPs) ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਜਾਂ ਸੰਸਦ ਮੈਂਬਰ ਆਪ ਹਸਪਤਾਲ ਆ ਕੇ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣਦੇ, ਉਦੋਂ ਤੱਕ ਉਹ ਆਪਣਾ ਵਰਤ ਨਹੀਂ ਤੋੜਨਗੇ।
Get all latest content delivered to your email a few times a month.