IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਲੰਡਨ 'ਚ ਗੁਰਮਤਿ ਸਮਾਗਮ ਦੌਰਾਨ ਜਥੇਦਾਰ ਗੜਗੱਜ ਦਾ ਸੰਦੇਸ਼: ਨਾਮ...

ਲੰਡਨ 'ਚ ਗੁਰਮਤਿ ਸਮਾਗਮ ਦੌਰਾਨ ਜਥੇਦਾਰ ਗੜਗੱਜ ਦਾ ਸੰਦੇਸ਼: ਨਾਮ ਨਾਲ 'ਸਿੰਘ' ਤੇ 'ਕੌਰ' ਲਗਾਉਣਾ ਜ਼ਰੂਰੀ, ਵਿਦੇਸ਼ੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਅਪੀਲ

Admin User - Jul 21, 2026 10:23 AM
IMG

ਯੂ.ਕੇ. ਦੇ 'ਗੁਰਦੁਆਰਾ ਗੁਰੂ ਨਾਨਕ ਗ਼ਰੀਬ ਨਿਵਾਜ' ਹੇਜ਼ ਵਿਖੇ ਅਫ਼ਗਾਨੀ ਅਤੇ ਬ੍ਰਿਟਿਸ਼ ਸਿੱਖ ਸੰਗਤਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 27ਵਾਂ ਬਾਲਾ ਪ੍ਰੀਤਮ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸ਼ਰਧਾਪੂਰਵਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਗੁਰਮਤਿ ਮਰਿਆਦਾ, ਸਿੱਖੀ ਪਛਾਣ ਅਤੇ ਕੌਮੀ ਭਵਿੱਖ ਨਾਲ ਜੁੜੇ ਕਈ ਅਹਿਮ ਸੰਦੇਸ਼ ਦਿੱਤੇ।


ਜਥੇਦਾਰ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ-ਕੱਲ੍ਹ ਨਾਵਾਂ ਪਿੱਛੇ ਗੋਤ ਲਗਾਉਣ ਦਾ ਰੁਝਾਨ ਵਧ ਰਿਹਾ ਹੈ ਅਤੇ 'ਸਿੰਘ' ਤੇ 'ਕੌਰ' ਸ਼ਬਦ ਗਾਇਬ ਹੋ ਰਹੇ ਹਨ, ਜੋ ਕਿ ਸਾਡੀ ਵਿਲੱਖਣ ਪਛਾਣ ਲਈ ਠੀਕ ਨਹੀਂ ਹੈ।


ਉਨ੍ਹਾਂ ਹਰ ਪਰਿਵਾਰ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੇ ਨਾਵਾਂ ਨਾਲ ਦਸ਼ਮੇਸ਼ ਪਿਤਾ ਵੱਲੋਂ ਬਖ਼ਸ਼ੇ 'ਸਿੰਘ' ਅਤੇ 'ਕੌਰ' ਜ਼ਰੂਰ ਲਗਾਏ ਜਾਣ। ਉਨ੍ਹਾਂ ਸਿੱਖ ਜੋੜਿਆਂ ਨੂੰ 3 ਤੋਂ 4 ਬੱਚੇ ਪੈਦਾ ਕਰਨ ਦਾ ਆਹਵਾਨ ਕਰਦਿਆਂ ਕਿਹਾ ਕਿ ਪਾਲਣ-ਪੋਸ਼ਣ ਦੀ ਚਿੰਤਾ ਛੱਡ ਕੇ ਗੁਰੂ 'ਤੇ ਭਰੋਸਾ ਰੱਖਿਆ ਜਾਵੇ, ਕਿਉਂਕਿ ਕੌਮ ਦੀ ਚੜ੍ਹਦੀ ਕਲਾ ਲਈ ਇਹ ਬਹੁਤ ਜ਼ਰੂਰੀ ਹੈ।


"ਗੁਰੂ ਸਾਹਿਬ ਨੇ ਸਿੱਖ ਨੂੰ ਸ਼ਸਤਰ ਬਖ਼ਸ਼ਿਸ਼ ਕੀਤੇ ਹਨ, ਜੋ ਜ਼ੁਲਮ ਕਰਨ ਲਈ ਨਹੀਂ ਬਲਕਿ ਮਜ਼ਲੂਮ ਦੀ ਰੱਖਿਆ ਅਤੇ ਆਤਮ-ਰੱਖਿਆ ਲਈ ਹਨ। ਸਿੱਖਾਂ ਦਾ ਫ਼ਰਜ਼ ਹੈ ਕਿ ਉਹ ਜਿਸ ਵੀ ਦੇਸ਼ ਵਿੱਚ ਰਹਿੰਦੇ ਹਨ, ਉੱਥੋਂ ਦੇ ਕਾਨੂੰਨ ਅਤੇ ਜ਼ਾਬਤੇ ਵਿੱਚ ਰਹਿ ਕੇ ਉਸ ਦੀ ਤਰੱਕੀ 'ਚ ਯੋਗਦਾਨ ਪਾਉਣ।"


ਉਨ੍ਹਾਂ ਯੂ.ਕੇ. 'ਚ ਬੱਚੀਆਂ ਨੂੰ ਵਰਗਲਾਉਣ ਦੇ ਮਾਮਲਿਆਂ 'ਤੇ ਸੁਚੇਤ ਕਰਦਿਆਂ ਕਿਹਾ ਕਿ ਮਾਪੇ ਘਰਾਂ 'ਚ ਸਿੱਖੀ ਮਾਹੌਲ ਸਿਰਜਣ। ਰਹਿਤ ਮਰਿਆਦਾ ਅਨੁਸਾਰ ਸਿੱਖ ਬੱਚੀ ਦਾ ਵਿਆਹ ਸਿੱਖ ਬੱਚੇ ਨਾਲ ਹੀ ਹੋਣਾ ਚਾਹੀਦਾ ਹੈ।


ਗੁਰਮਤਿ ਸੰਗੀਤ ਬਾਰੇ ਬੋਲਦਿਆਂ ਜਥੇਦਾਰ ਨੇ ਸਪੱਸ਼ਟ ਕੀਤਾ ਕਿ ਕੀਰਤਨੀ ਜਥਿਆਂ ਨੂੰ ਗੁਰਮਤਿ ਸੰਗੀਤ ਪ੍ਰਣਾਲੀ ਦੇ ਦਾਇਰੇ 'ਚ ਰਹਿ ਕੇ ਰਾਗ-ਆਧਾਰਿਤ ਸਹਿਜ ਕੀਰਤਨ ਹੀ ਕਰਨਾ ਚਾਹੀਦਾ ਹੈ, ਇਸ ਨੂੰ 'ਕੰਨ ਰਸ' ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਇੱਛਾ ਜਤਾਈ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਲਹਿੰਦੇ ਪੰਜਾਬ ਦੇ ਬੱਚਿਆਂ ਦੇ ਜਥਿਆਂ ਨੂੰ ਵਿਦੇਸ਼ੀ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਵੇ।


ਉਨ੍ਹਾਂ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਅਤੇ ਸ੍ਰੀ ਦਰਬਾਰ ਸਾਹਿਬ, ਪੰਜੇ ਤਖ਼ਤ ਸਾਹਿਬਾਨ ਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਆਉਣ ਦੀ ਅਪੀਲ ਕੀਤੀ। ਇਸ ਮੌਕੇ ਨਿਹਕਾਮੀ ਸੇਵਾ ਟ੍ਰਸਟ ਦੇ ਆਗੂ ਭਾਈ ਗਜਿੰਦਰ ਸਿੰਘ, ਗਿਆਨੀ ਮਲਕੀਤ ਸਿੰਘ, ਭਾਈ ਗੁਰਬਖਸ਼ ਸਿੰਘ ਗੁਲਸ਼ਨ ਸਮੇਤ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ 'ਚ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.