ਤਾਜਾ ਖਬਰਾਂ
ਦੇਸ਼ ਦੀ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 13 ਅਗਸਤ ਤੱਕ ਚੱਲੇਗਾ। ਸੈਸ਼ਨ ਦੇ ਪਹਿਲੇ ਹੀ ਦਿਨ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਜ਼ੋਰਦਾਰ ਟਕਰਾਅ ਦੇਖਣ ਨੂੰ ਮਿਲਿਆ। ਅਯੁੱਧਿਆ ਰਾਮ ਮੰਦਰ ਫੰਡ 'ਚ ਕਥਿਤ ਘੁਟਾਲੇ, ਨੀਟ (NEET) ਪੇਪਰ ਲੀਕ, ਈਥਾਨੌਲ ਮਿਸ਼ਰਣ ਅਤੇ ਮਨੀਪੁਰ ਦੀ ਸਥਿਤੀ ਸਮੇਤ ਵੱਖ-ਵੱਖ ਸੰਵੇਦਨਸ਼ੀਲ ਮੁੱਦਿਆਂ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਭਾਰੀ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਹਾਲਾਂਕਿ, ਸਰਕਾਰ ਨੇ ਸਦਨ ਦੇ ਸੁਚਾਰੂ ਕੰਮਕਾਜ ਲਈ ਵਿਰੋਧੀ ਧਿਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਐਲਾਨ ਕੀਤਾ ਕਿ ਮੌਜੂਦਾ ਸੈਸ਼ਨ ਦੌਰਾਨ ਕੇਂਦਰ ਸਰਕਾਰ ਕੁੱਲ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਸਾਰੇ ਰਾਜਨੀਤਿਕ ਦਲਾਂ ਨੂੰ ਹੰਗਾਮੇ ਦਾ ਰਸਤਾ ਛੱਡ ਕੇ ਬਿੱਲਾਂ 'ਤੇ ਸਾਰਥਕ ਅਤੇ ਗੰਭੀਰ ਚਰਚਾ ਕਰਨ ਦੀ ਅਪੀਲ ਕੀਤੀ।
ਪੇਸ਼ ਕੀਤੇ ਜਾਣ ਵਾਲੇ ਮੁੱਖ ਬਿੱਲ:
ਆਮਦਨ ਕਰ (ਸੋਧ) ਬਿੱਲ, 2026 (ਆਰਡੀਨੈਂਸ ਦੀ ਥਾਂ)
ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ, 2026 (ਆਰਡੀਨੈਂਸ ਦੀ ਥਾਂ)
ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, 2026
ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ (ਸੋਧ) ਬਿੱਲ, 2026
MSME ਵਿਕਾਸ (ਸੋਧ) ਬਿੱਲ, 2026
ਪੁਰਾਣੇ ਬਿੱਲ: ਇਸ ਤੋਂ ਇਲਾਵਾ ਲੋਕ ਸਭਾ 'ਚ ਪਹਿਲਾਂ ਤੋਂ ਲਟਕੇ 'ਵਿਦੇਸ਼ੀ ਯੋਗਦਾਨ (ਨਿਯਮ) ਸੋਧ ਬਿੱਲ, 2026' ਅਤੇ 'ਵਿਕਸਿਤ ਭਾਰਤ ਸਿੱਖਿਆ ਅਧਿਸ਼ਠਾਨ ਬਿੱਲ, 2025' ਨੂੰ ਵੀ ਚਰਚਾ ਲਈ ਲਿਆਂਦਾ ਜਾ ਸਕਦਾ ਹੈ।
ਇਸ ਵਾਰ ਸਦਨ ਅੰਦਰ ਬੈਠਣ ਦੇ ਪ੍ਰਬੰਧ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਸਪੀਕਰ ਓਮ ਬਿਰਲਾ ਵੱਲੋਂ ਕੁੱਲ 39 ਸੰਸਦ ਮੈਂਬਰਾਂ ਲਈ ਨਵੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ।
ਤ੍ਰਿਣਮੂਲ ਕਾਂਗਰਸ ਤੋਂ ਵੱਖ ਹੋ ਕੇ 'ਨੈਸ਼ਨਲ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ' 'ਚ ਸ਼ਾਮਲ ਹੋਏ 20 ਬਾਗ਼ੀ MPs ਲਈ ਵੱਖਰੀਆਂ ਸੀਟਾਂ ਤੈਅ ਕੀਤੀਆਂ ਗਈਆਂ ਹਨ, ਜਿਸ ਕਾਰਨ ਅਭਿਸ਼ੇਕ ਬੈਨਰਜੀ ਦੀ ਸੀਟ ਵੀ ਬਦਲ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ YSRCP ਦੇ ਪੀ.ਵੀ. ਮਿਧੁਨ ਰੈਡੀ ਦੀਆਂ ਸੀਟਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਪੀਕਰ ਨੇ ਸ਼ਿਵ ਸੈਨਾ (UBT) ਦੇ 6 ਸੰਸਦ ਮੈਂਬਰਾਂ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ 'ਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਸੰਸਦ ਵਿੱਚ ਸਰਕਾਰ ਦੇ ਮੌਜੂਦਾ ਸ਼ਕਤੀ ਸੰਤੁਲਨ 'ਤੇ ਨਜ਼ਰ ਮਾਰੀਏ ਤਾਂ 3 ਸੀਟਾਂ ਖ਼ਾਲੀ ਹੋਣ ਕਾਰਨ ਦੋ-ਤਿਹਾਈ ਬਹੁਮਤ ਦਾ ਅੰਕੜਾ 360 ਬਣਦਾ ਹੈ। ਮੌਜੂਦਾ ਸਮੇਂ ਸ਼ਾਸਕੀ ਗਠਜੋੜ (NDA) ਕੋਲ 319 ਸੰਸਦ ਮੈਂਬਰ ਹਨ, ਜੋ ਕਿ ਦੋ-ਤਿਹਾਈ ਬਹੁਮਤ ਦੇ ਜਾਦੂਈ ਅੰਕੜੇ ਤੋਂ 41 ਵੋਟਾਂ ਘੱਟ ਹਨ। ਅਜਿਹੇ ਸਥਿਤੀ ਵਿੱਚ ਅਹਿਮ ਸੰਵਿਧਾਨਕ ਬਿੱਲਾਂ ਨੂੰ ਪਾਸ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਗੈਰ-ਐੱਨਡੀਏ ਪਾਰਟੀਆਂ ਦੀ ਮਦਦ 'ਤੇ ਨਿਰਭਰ ਕਰਨਾ ਪਵੇਗਾ, ਜਦਕਿ ਵਿਰੋਧੀ ਧਿਰ ਵੱਲੋਂ ਪਹਿਲੇ ਹੀ ਦਿਨ ਦਿਖਾਏ ਤਿੱਖੇ ਤੇਵਰਾਂ ਤੋਂ ਸਾਫ਼ ਹੈ ਕਿ ਇਹ ਸੈਸ਼ਨ ਸਰਕਾਰ ਲਈ ਕਾਫ਼ੀ ਚੁਣੌਤੀਪੂਰਨ ਰਹਿਣ ਵਾਲਾ ਹੈ।
Get all latest content delivered to your email a few times a month.