ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਆਪਣੇ ਬੇਬਾਕ ਬੋਲਾਂ ਕਾਰਨ ਇੱਕ ਵਾਰ ਫਿਰ ਵੱਡੇ ਚਰਚਾ ਦਾ ਕੇਂਦਰ ਬਣ ਗਏ ਹਨ। ਦੇਸ਼ ਵਿੱਚ ਚੱਲ ਰਹੇ 'ਕਾਕਰੋਚ ਜਨਤਾ ਪਾਰਟੀ' ਦੇ ਧਰਨੇ-ਪ੍ਰਦਰਸ਼ਨਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਨੂੰ ਦੇਸ਼ 'ਚ ਹੋਣ ਵਾਲੇ ਹਰ ਇੱਕ ਵਿਰੋਧ ਪ੍ਰਦਰਸ਼ਨ 'ਚ ਕੁੱਦਣ ਦੀ ਕੋਈ ਲੋੜ ਨਹੀਂ ਹੈ। ਇੱਕ ਚਰਚਿਤ ਪੌਡਕਾਸਟ ਦੌਰਾਨ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਤਰਕ ਦਿੱਤਾ ਕਿ ਹੁਣ ਪੰਜਾਬੀਆਂ ਨੂੰ ਹਰ ਮੁੱਦੇ 'ਤੇ ਜਜ਼ਬਾਤੀ ਹੋਣ ਦੀ ਥਾਂ ਸਿਆਸਤਦਾਨਾਂ ਵਾਂਗ ਦਿਮਾਗ ਅਤੇ ਚਤੁਰਾਈ ਤੋਂ ਕੰਮ ਲੈਣ ਦੀ ਲੋੜ ਹੈ। ਉਨ੍ਹਾਂ ਦਾ ਇਹ ਵਿਵਾਦਪੂਰਨ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਦੋਂ ਪੌਡਕਾਸਟ ਦੇ ਮੇਜ਼ਬਾਨ ਨੇ ਬੱਬੂ ਮਾਨ ਤੋਂ ਸਵਾਲ ਕੀਤਾ ਕਿ ਕੀ ਪੰਜਾਬੀ ਹੁਣ ਪ੍ਰਗਤੀਸ਼ੀਲ ਅੰਦੋਲਨਾਂ (ਜਿਵੇਂ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਸੀ) ਵਿੱਚ ਪਿੱਛੇ ਹਟ ਰਹੇ ਹਨ, ਤਾਂ ਉਨ੍ਹਾਂ ਤਿੱਖਾ ਜਵਾਬ ਦਿੱਤਾ।
ਮਾਨ ਨੇ ਕਿਹਾ ਕਿ 'ਕਾਕਰੋਚ ਜਨਤਾ ਪਾਰਟੀ' ਦਾ ਸੰਸਥਾਪਕ ਅਭਿਜੀਤ ਦੀਪਕੇ ਕੀ ਦਿੱਲੀ ਦੇ ਬਾਰਡਰਾਂ 'ਤੇ ਚੱਲੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਆਇਆ ਸੀ? ਜੇਕਰ ਉਹ ਸਾਡੇ ਹੱਕਾਂ ਲਈ ਨਹੀਂ ਖੜ੍ਹਾ ਹੋਇਆ, ਤਾਂ ਅਸੀਂ ਉਸ ਦੇ ਪ੍ਰਦਰਸ਼ਨਾਂ ਦਾ ਹਿੱਸਾ ਕਿਉਂ ਬਣੀਏ।
ਨੀਟ (NEET) ਪ੍ਰੀਖਿਆ 'ਚ ਪੰਜਾਬ ਦੇ ਨੌਜਵਾਨਾਂ ਦੀ ਸਫ਼ਲਤਾ ਅਤੇ ਲੜਾਈ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਨੌਜਵਾਨ ਤਾਂ ਪਹਿਲਾਂ ਹੀ ਵਿਦੇਸ਼ਾਂ ਵੱਲ ਰੁੱਖ ਕਰ ਚੁੱਕੇ ਹਨ, ਫਿਰ ਅਸੀਂ ਇੱਥੇ ਕਿਸ ਲਈ ਲੜਦੇ ਰਹੀਏ? ਉਨ੍ਹਾਂ ਭਾਵੁਕ ਹੁੰਦਿਆਂ ਇਤਿਹਾਸ ਦੇ ਪੰਨੇ ਫਰੋਲਦਿਆਂ ਕਿਹਾ, "ਕੀ ਦੇਸ਼ ਦੀਆਂ ਸਾਰੀਆਂ ਮੁਸੀਬਤਾਂ ਦਾ ਠੇਕਾ ਇਕੱਲੇ ਪੰਜਾਬ ਨੇ ਲਿਆ ਹੈ? ਪੰਜਾਬ ਨੇ ਪਹਿਲਾਂ ਅੰਗਰੇਜ਼ਾਂ ਨਾਲ ਲੜ ਕੇ 1947 ਦੀ ਵੰਡ ਦਾ ਦਰਦ ਹੰਢਾਇਆ, ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਸੂਰਮਿਆਂ ਨੇ ਜਾਨਾਂ ਵਾਰੀਆਂ। ਫਿਰ 1984 ਦਾ ਸੰਤਾਪ ਸਾਡੇ ਗਲ ਪੈ ਗਿਆ, ਜਿਸ ਤੋਂ ਬਾਅਦ ਹਜ਼ਾਰਾਂ ਨੌਜਵਾਨ ਸਿਸਟਮ ਦੀ ਬਲੀ ਚੜ੍ਹ ਗਏ। ਅਸੀਂ ਵੀ ਆਪਣੇ ਪੱਧਰ 'ਤੇ ਹਮੇਸ਼ਾ ਇਸ ਢਾਂਚੇ ਖ਼ਿਲਾਫ਼ ਆਵਾਜ਼ ਚੁੱਕੀ ਹੈ, ਪਰ ਹੁਣ ਹੋਰ ਨਹੀਂ।"
ਆਪਣੀ ਗੱਲ ਖ਼ਤਮ ਕਰਦਿਆਂ ਬੱਬੂ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਕੋਲ ਬੁੱਧੀ ਅਤੇ ਦਿਮਾਗ ਦੀ ਕੋਈ ਕਮੀ ਨਹੀਂ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੀ ਬਾਕੀ ਸ਼ਾਤਰ ਸਿਆਸਤਦਾਨਾਂ ਵਾਂਗ ਸੋਚ-ਸਮਝ ਕੇ ਕਦਮ ਚੁੱਕੀਏ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇੱਕ ਦੇ ਬੁਲਾਵੇ 'ਤੇ ਹੱਥਾਂ 'ਚ ਡਾਂਗਾਂ ਜਾਂ ਝੰਡੇ ਫੜ ਕੇ ਸੜਕਾਂ 'ਤੇ ਉੱਤਰਨ ਦੀ ਆਦਤ ਬਦਲਣੀ ਪਵੇਗੀ।
ਬੱਬੂ ਮਾਨ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛਿੜ ਗਈ ਹੈ। ਇੱਕ ਪਾਸੇ ਜਿੱਥੇ ਵੱਡੀ ਗਿਣਤੀ ਨੌਜਵਾਨ ਉਨ੍ਹਾਂ ਦੇ ਇਸ ਵਿਵਹਾਰਕ (Practical) ਨਜ਼ਰੀਏ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕੁਝ ਪ੍ਰਦਰਸ਼ਨਕਾਰੀ ਸੰਗਠਨ ਇਸ ਨੂੰ ਅੰਦੋਲਨਾਂ ਤੋਂ ਪਿੱਛੇ ਹਟਣ ਵਾਲਾ ਬਿਆਨ ਦੱਸ ਕੇ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ।
Get all latest content delivered to your email a few times a month.