ਤਾਜਾ ਖਬਰਾਂ
ਦੇਸ਼ ਦੀ ਸਿੱਖਿਆ ਪ੍ਰਣਾਲੀ 'ਚ ਹੋ ਰਹੀਆਂ ਗੜਬੜੀਆਂ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਜਾਣੇ-ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖ਼ਤਮ ਕਰਨ ਲਈ ਕੇਂਦਰ ਸਰਕਾਰ ਅਤੇ ਸਿਆਸੀ ਪਾਰਟੀਆਂ ਅੱਗੇ ਅਹਿਮ ਸ਼ਰਤਾਂ ਰੱਖੀਆਂ ਹਨ। ਹਸਪਤਾਲ 'ਚੋਂ ਜਾਰੀ ਇੱਕ ਹੱਥ-ਲਿਖਤ ਸੁਨੇਹੇ ਰਾਹੀਂ ਵਾਂਗਚੁਕ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਪੇਪਰ ਲੀਕ ਵਰਗੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਲੈਂਦੀ ਹੈ ਜਾਂ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ (MP) ਉਨ੍ਹਾਂ ਦੀਆਂ ਮੰਗਾਂ ਨੂੰ ਸੰਸਦ 'ਚ ਚੁੱਕਣ ਦਾ ਲਿਖਤੀ ਭਰੋਸਾ ਦਿੰਦੇ ਹਨ, ਤਾਂ ਉਹ 20 ਜੁਲਾਈ ਨੂੰ ਆਪਣਾ 23 ਦਿਨਾਂ ਤੋਂ ਜਾਰੀ ਮਰਨ ਵਰਤ ਸਮਾਪਤ ਕਰ ਦੇਣਗੇ।
ਸਫ਼ਦਰਜੰਗ ਹਸਪਤਾਲ ਦੇ ਬੈੱਡ ਤੋਂ ਆਪਣੀ ਗੱਲ ਰੱਖਦਿਆਂ ਵਾਂਗਚੁਕ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਵੀ ਲਗਾਏ ਹਨ।
ਆਜ਼ਾਦੀ 'ਤੇ ਪਾਬੰਦੀ: ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ "ਗੈਰ-ਕਾਨੂੰਨੀ ਨਜ਼ਰਬੰਦੀ" ਅਧੀਨ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਦੇ ਮਿਲਣ-ਜੁਲਣ, ਬੋਲਣ ਅਤੇ ਸੰਚਾਰ ਕਰਨ ਦੇ ਸਾਰੇ ਬੁਨਿਆਦੀ ਹੱਕਾਂ 'ਤੇ ਰੋਕ ਲਗਾਈ ਗਈ ਹੈ।
ਸਮਰਥਕਾਂ ਨੂੰ ਅਪੀਲ: ਉਨ੍ਹਾਂ ਕਿਹਾ, "ਮੇਰੇ ਸ਼ੁਭਚਿੰਤਕ ਲਗਾਤਾਰ ਪੁੱਛ ਰਹੇ ਸਨ ਕਿ ਵਰਤ ਕਦੋਂ ਖ਼ਤਮ ਹੋਵੇਗਾ, ਜੇਕਰ ਮੇਰੀਆਂ ਤਿੰਨ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਮੈਂ ਅੱਜ ਹੀ ਭੁੱਖ ਹੜਤਾਲ ਵਾਪਸ ਲੈ ਲਵਾਂਗਾ।"
ਵਰਤ ਖ਼ਤਮ ਕਰਨ ਲਈ ਰੱਖੀਆਂ ਇਹ 3 ਮੁੱਖ ਸ਼ਰਤਾਂ:
1. ਸਰਕਾਰੀ ਜਵਾਬਦੇਹੀ: ਕੇਂਦਰ ਸਰਕਾਰ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀਆਂ ਹਾਲੀਆ ਅਸਫ਼ਲਤਾਵਾਂ (ਜਿਵੇਂ NEET ਪੇਪਰ ਲੀਕ ਆਦਿ) ਦੀ ਜਨਤਕ ਤੌਰ 'ਤੇ ਜ਼ਿੰਮੇਵਾਰੀ ਕਬੂਲ ਕਰੇ।
2. ਸੰਸਦ 'ਚ ਮੁੱਦਾ ਚੁੱਕਣ ਦੀ ਗਾਰੰਟੀ: 'ਕਾਕਰੋਚ ਜਨਤਾ ਪਾਰਟੀ' (CJP) ਦੇ ਆਗੂਆਂ ਦੇ ਨਾਲ-ਨਾਲ ਹੋਰਨਾਂ ਸਿਆਸੀ ਧਿਰਾਂ ਦੇ ਸੰਸਦ ਮੈਂਬਰ ਇਹ ਭਰੋਸਾ ਦੇਣ ਕਿ ਉਹ ਇਸ ਗੰਭੀਰ ਮੁੱਦੇ ਨੂੰ ਸੰਸਦ ਦੇ ਪਟਲ 'ਤੇ ਗੂੰਜਣ ਦੇਣਗੇ।
3. ਹਸਪਤਾਲ 'ਚ ਮੁਲਾਕਾਤ: ਜੇਕਰ ਬਿਗੜਦੀ ਸਿਹਤ ਕਾਰਨ ਵਰਤ ਜਾਰੀ ਰੱਖਣਾ ਅਸੰਭਵ ਹੁੰਦਾ ਹੈ, ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਹਸਪਤਾਲ ਆ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਅਤੇ ਉਹੀ ਭਰੋਸਾ ਮੁਹੱਈਆ ਕਰਵਾਉਣ।
ਦੂਜੇ ਪਾਸੇ, 'ਚਲੋ ਸੰਸਦ' ਮਾਰਚ ਦੇ ਸੱਦੇ ਤੋਂ ਬਾਅਦ ਜੰਤਰ-ਮੰਤਰ 'ਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਅਤੇ ਵਿਦਿਆਰਥੀ ਇਕੱਠੇ ਹੋ ਗਏ ਹਨ। CJP ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਦੀ ਅਗਵਾਈ ਹੇਠ ਵਿਦਿਆਰਥੀ ਨੀਟ (NEET) ਧਾਂਦਲੀਆਂ ਅਤੇ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਦੇਰੋਗ ਲਈ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੰਸਦ ਵੱਲ ਮਾਰਚ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ ਅਤੇ ਸੰਸਦ ਭਵਨ ਦੇ ਆਲੇ-ਦੁਆਲੇ ਧਾਰਾ 144 ਲਗਾ ਕੇ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਸਰਕਾਰ ਅਤੇ ਵਿਰੋਧ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਵਧਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ।
Get all latest content delivered to your email a few times a month.