ਤਾਜਾ ਖਬਰਾਂ
ਫਿਲੌਰ ਦੇ ਨੇੜਲੇ ਪਿੰਡ ਮੌ ਸਾਹਿਬ ਵਿੱਚ 19 ਸਾਲਾ ਨੌਜਵਾਨ ਹਰਵਿੰਦਰ ਕੁਮਾਰ ਉਰਫ਼ ਹੈਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਨਾਲ ਇਲਾਕੇ ਵਿੱਚ ਸੋਗ ਅਤੇ ਚਿੰਤਾ ਦਾ ਮਾਹੌਲ ਹੈ। ਹਰਵਿੰਦਰ ਦੀ ਲਾਸ਼ ਪਿੰਡ ਦੇ ਸਕੂਲ ਦੇ ਮੈਦਾਨ ਵਿੱਚੋਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਨੇ ਇਸ ਮਾਮਲੇ ਵਿੱਚ ਗੰਭੀਰ ਸ਼ੱਕ ਜਤਾਇਆ ਹੈ। ਮੌਤ ਦੇ ਕਾਰਨਾਂ ਨੂੰ ਲੈ ਕੇ ਨਸ਼ੇ ਦੀ ਓਵਰਡੋਜ਼ ਅਤੇ ਕਿਸੇ ਜ਼ਹਿਰੀਲੇ ਪਦਾਰਥ ਦੇ ਸੇਵਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਣਗੇ।
ਮ੍ਰਿਤਕ ਦੀ ਭੈਣ ਪੂਜਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 3-4 ਅਣਪਛਾਤੇ ਵਿਅਕਤੀਆਂ ਨੇ ਉਸਦੇ ਭਰਾ ਨੂੰ ਫੋਨ ਕਰਕੇ ਆਪਣੇ ਨਾਲ ਜਾਣ ਲਈ ਕਿਹਾ ਸੀ। ਪਰਿਵਾਰ ਉਨ੍ਹਾਂ ਵਿਅਕਤੀਆਂ ਨੂੰ ਨਹੀਂ ਜਾਣਦਾ ਸੀ। ਹਰਵਿੰਦਰ ਉਨ੍ਹਾਂ ਨਾਲ ਜਾਣ ਤੋਂ ਬਾਅਦ ਵਾਪਸ ਘਰ ਨਹੀਂ ਆਇਆ ਅਤੇ ਅਗਲੇ ਦਿਨ ਉਸਦੀ ਲਾਸ਼ ਮਿਲਣ ਦੀ ਸੂਚਨਾ ਮਿਲੀ।
ਕਾਂਗਰਸੀ ਆਗੂ ਰਜਿੰਦਰ ਸੰਧੂ ਨੇ ਦੱਸਿਆ ਕਿ ਹਰਵਿੰਦਰ ਆਪਣੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਚਾਰ ਵਿਅਕਤੀਆਂ ਨਾਲ ਉਹ ਗਿਆ ਸੀ, ਉਹ ਗਲਤ ਸੰਗਤ ਨਾਲ ਜੁੜੇ ਹੋਏ ਸਨ। ਸਵੇਰੇ ਕਰੀਬ 7 ਵਜੇ ਉਸਦੀ ਲਾਸ਼ ਸਕੂਲ ਦੇ ਮੈਦਾਨ ਵਿੱਚੋਂ ਮਿਲੀ, ਜਿਸ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਰੋਸ ਹੈ।
ਥਾਣਾ ਬਿਲਗਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਅਤੇ ਅਗਲੀ ਕਾਨੂੰਨੀ ਕਾਰਵਾਈ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ।
Get all latest content delivered to your email a few times a month.