ਤਾਜਾ ਖਬਰਾਂ
ਪਟਿਆਲਾ ਦੇ ਬਿਸ਼ਨ ਨਗਰ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਹੋਈ ਅਸ਼ਲੀਲ ਹਰਕਤ ਅਤੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਮੁਲਜ਼ਮ ਨੂੰ ਦਬੋਚ ਲਿਆ ਹੈ। ਰਾਹ ਚੱਲਦੀ ਮਾਸੂਮ ਲੜਕੀ ਦੇ ਪ੍ਰਾਈਵੇਟ ਪਾਰਟ 'ਤੇ ਹਮਲਾ ਕਰਕੇ ਫ਼ਰਾਰ ਹੋਏ ਇਸ ਸ਼ਰਾਰਤੀ ਅਨਸਰ ਦੀ ਕਰਤੂਤ ਇਲਾਕੇ 'ਚ ਲੱਗੇ ਸੀਸੀਟੀਵੀ (CCTV) ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਤੋਂ ਬਾਅਦ ਲਹੌਰੀ ਗੇਟ ਥਾਣਾ ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਕਾਰਵਾਈ ਕੀਤੀ।
ਥਾਣਾ ਲਹੌਰੀ ਗੇਟ ਦੇ ਐੱਸ.ਐੱਚ.ਓ. (SHO) ਸੌਰਵ ਸਿੰਗਲਾ ਨੇ ਦੱਸਿਆ ਕਿ ਐੱਸ.ਐੱਸ.ਪੀ. ਵਰੁਣ ਸ਼ਰਮਾ (IPS), ਐੱਸ.ਪੀ. ਸਿਟੀ ਪਰਮਿੰਦਰ ਸਿੰਘ ਚੀਮਾ ਅਤੇ ਡੀ.ਐੱਸ.ਪੀ. ਸੰਜੀਵ ਸਿੰਗਲਾ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ।
ਮੁਲਜ਼ਮ ਦੀ ਪਛਾਣ: ਵਾਇਰਲ ਵੀਡੀਓ ਦੀ ਮਦਦ ਨਾਲ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਕੇ ਸੰਜੇ ਉਰਫ਼ ਮੂਸਾ (ਵਾਸੀ ਵਿਕਾਸ ਕਲੋਨੀ, ਨਜ਼ਦੀਕ ਬਿਸ਼ਨ ਨਗਰ) ਨੂੰ ਹਿਰਾਸਤ 'ਚ ਲਿਆ।
ਮੈਡੀਕਲ ਜਾਂਚ: ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖ਼ੁਦ ਨੂੰ ਦਿਮਾਗੀ ਤੌਰ 'ਤੇ ਪਰੇਸ਼ਾਨ ਦੱਸਿਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੇ ਪਰਿਵਾਰ ਕੋਲੋਂ ਡਾਕਟਰੀ ਰਿਕਾਰਡ ਮੰਗਵਾ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਪੀੜਤ ਨਾਬਾਲਗ ਲੜਕੀ ਅਤੇ ਉਸ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੀੜਤ ਪਰਿਵਾਰ ਦੀ ਮੁਲਜ਼ਮ ਨਾਲ ਕੋਈ ਪੁਰਾਣੀ ਜਾਣ-ਪਛਾਣ ਜਾਂ ਲੈਣ-ਦੇਣ ਦਾ ਵਿਵਾਦ ਨਹੀਂ ਸੀ। ਘਟਨਾ ਵੇਲੇ ਮੁਲਜ਼ਮ ਦੇ ਹੱਥ 'ਚ ਕਿਸੇ ਚੀਜ਼ ਜਾਂ ਹਥਿਆਰ ਦੀ ਵਰਤੋਂ ਹੋਈ ਸੀ ਜਾਂ ਨਹੀਂ, ਇਸ ਪਹਿਲੂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਸ ਘਟਨਾ ਵਿੱਚ ਨਾਬਾਲਗ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਅਜਿਹੀਆਂ ਸਰੇਆਮ ਵਾਪਰਨ ਵਾਲੀਆਂ ਵਾਰਦਾਤਾਂ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸ਼ਹਿਰ 'ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਦਾਲਤ ਰਾਹੀਂ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।
Get all latest content delivered to your email a few times a month.