ਤਾਜਾ ਖਬਰਾਂ
ਅਸ਼ਲੀਲ ਤਸਵੀਰਾਂ ਦੇ ਵਿਵਾਦ ਵਿੱਚ ਘਿਰੇ ਨਿਹੰਗ ਜਸਦੀਪ ਸਿੰਘ ਖ਼ਿਲਾਫ਼ ਬੁੱਢਾ ਦਲ ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਧਾਰਮਿਕ ਸਜ਼ਾ ਸੁਣਾਈ ਗਈ ਹੈ। ਬੁੱਢਾ ਦਲ ਦੇ ਦਾਅਵੇ ਅਨੁਸਾਰ ਜਸਦੀਪ ਸਿੰਘ ਨੂੰ ਸੰਪਰਦਾ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਸੰਗਲਾਂ ਨਾਲ ਬੰਨ੍ਹ ਕੇ ਡੰਡਿਆਂ ਦੀ ਸਜ਼ਾ ਦਿੱਤੀ ਗਈ। ਇਸ ਕਾਰਵਾਈ ਨਾਲ ਜੁੜੀਆਂ ਵੀਡੀਓਆਂ ਅਤੇ ਤਸਵੀਰਾਂ ਬੁੱਢਾ ਦਲ ਦੇ ਦੋਆਬਾ ਜ਼ੋਨ ਦੇ ਜਥੇਦਾਰ ਮਾਨ ਸਿੰਘ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ 'ਤੇ ਸਾਂਝੀਆਂ ਕੀਤੀਆਂ ਗਈਆਂ।
ਵੀਡੀਓ ਵਿੱਚ ਜਥੇਦਾਰ ਮਾਨ ਸਿੰਘ ਨੇ ਕਿਹਾ ਕਿ ਜਸਦੀਪ ਸਿੰਘ ਨੂੰ ਪਹਿਲਾਂ ਵੀ ਧਾਰਮਿਕ ਸਜ਼ਾ ਸੁਣਾਈ ਗਈ ਸੀ, ਪਰ ਉਹ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਉੱਥੋਂ ਚਲਾ ਗਿਆ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਸਦੀਪ ਸਿੰਘ ਨੂੰ ਬੁੱਢਾ ਦਲ ਵੱਲੋਂ ਕਿਸੇ ਤਰ੍ਹਾਂ ਦੀ ਮੁਆਫ਼ੀ ਨਹੀਂ ਦਿੱਤੀ ਗਈ, ਜਦਕਿ ਜਸਦੀਪ ਪਹਿਲਾਂ ਇੱਕ ਇੰਟਰਵਿਊ ਵਿੱਚ ਦਾਅਵਾ ਕਰ ਚੁੱਕਾ ਸੀ ਕਿ ਉਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ।
ਬੁੱਢਾ ਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੇ ਹੁਕਮਾਂ ਤੱਕ ਜਸਦੀਪ ਸਿੰਘ ਨੂੰ ਨਿਹੰਗ ਬਾਣਾ ਜਾਂ ਤੀਰ-ਕਮਾਨ ਧਾਰਨ ਕਰਨ ਦੀ ਆਗਿਆ ਨਹੀਂ ਹੋਵੇਗੀ। ਸਜ਼ਾ ਦੌਰਾਨ ਜਸਦੀਪ ਸਿੰਘ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਉਹ ਸੰਪਰਦਾ ਦੇ ਹਰ ਹੁਕਮ ਦੀ ਪਾਲਣਾ ਕਰੇਗਾ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਹੀਂ ਕਰੇਗਾ।
ਇਹ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਨਿਹੰਗ ਵਿੱਕੀ ਥਾਮਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਕੁਝ ਇਤਰਾਜ਼ਯੋਗ ਤਸਵੀਰਾਂ ਅਤੇ ਲਗਭਗ 11 ਮਿੰਟ ਦੀ ਇੱਕ ਵੀਡੀਓ ਸਾਂਝੀ ਕਰਕੇ ਪੂਰੇ ਮਾਮਲੇ ਬਾਰੇ ਦਾਅਵੇ ਕੀਤੇ। ਵੀਡੀਓ ਵਿੱਚ ਜਸਦੀਪ ਸਿੰਘ ਨੂੰ ਇੱਕ ਹੋਰ ਨਿਹੰਗ ਨਾਲ ਅਸ਼ਲੀਲ ਹਾਲਤ ਵਿੱਚ ਦਿਖਾਉਣ ਦਾ ਦਾਅਵਾ ਕੀਤਾ ਗਿਆ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਹ ਤਸਵੀਰਾਂ ਕਦੋਂ ਦੀਆਂ ਹਨ।
ਵੀਡੀਓ ਵਿੱਚ ਇੱਕ ਵੀਡੀਓ ਕਾਲ ਵੀ ਸ਼ਾਮਲ ਕੀਤੀ ਗਈ, ਜਿਸ ਵਿੱਚ ਜਸਦੀਪ ਸਿੰਘ ਨੇ ਕਥਿਤ ਤੌਰ 'ਤੇ ਮੰਨਿਆ ਕਿ ਤਸਵੀਰਾਂ ਉਸ ਦੀਆਂ ਹਨ, ਪਰ ਉਸ ਨੇ ਦਾਅਵਾ ਕੀਤਾ ਕਿ ਉਸ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ।
ਇਸ ਮਾਮਲੇ ਨੇ ਨਿਹੰਗ ਜਥੇਬੰਦੀਆਂ ਵਿੱਚ ਵੀ ਚਰਚਾ ਛੇੜ ਦਿੱਤੀ। ਨਿਹੰਗ ਬਰਜਿੰਦਰ ਸਿੰਘ ਪਰਵਾਨਾ ਨੇ ਵਿੱਕੀ ਥਾਮਸ ਵੱਲੋਂ ਤਸਵੀਰਾਂ ਜਨਤਕ ਕਰਨ ਦੀ ਆਲੋਚਨਾ ਕੀਤੀ, ਜਿਸ ਤੋਂ ਬਾਅਦ ਦੋਵਾਂ ਪੱਖਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਵਿਵਾਦ ਨੂੰ ਲੈ ਕੇ ਨਿਹੰਗ ਸੰਪਰਦਾ ਦੇ ਵੱਖ-ਵੱਖ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।
Get all latest content delivered to your email a few times a month.