IMG-LOGO
ਹੋਮ ਪੰਜਾਬ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਜਸਮੇਰ ਸਿੰਘ ਢੱਟ ਦੀ ਵਾਰਤਕ...

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਜਸਮੇਰ ਸਿੰਘ ਢੱਟ ਦੀ ਵਾਰਤਕ ਪੁਸਤਕ “ਯਾਦਾਂ ਦਾ ਫੁੱਲਦਸਤਾ” ਡਾ. ਸ ਸ ਗੋਸਲ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰਨਾਂ ਵੱਲੋਂ...

Admin User - Jul 19, 2026 04:47 PM
IMG

ਲੁਧਿਆਣਾ:  19 ਜੁਲਾਈ-

ਸੱਭਿਆਚਾਰਕ  ਸੱਥ ਪੰਜਾਬ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਦੀ ਲਿਖੀ ਯਾਦਾਂ,  ਆਪ ਬੀਤੀਆਂ, ਕਹਾਣੀਆਂ, ਗੀਤਾਂ ਅਤੇ ਮੁਲਾਕਾਤਾਂ ਆਦਿ ਆਧਾਰਿਤ ਪਲੇਠੀ  ਪੁਸਤਕ “ਯਾਦਾਂ ਦਾ ਫੁੱਲਦਸਤਾ” ਨੂੰ ਯੰਗ ਰਾਈਟਰਜ਼ ਅਸੋਸੀਏਸ਼ਨ ਪੀ ਏ ਯੂ ਲੁਧਿਆਣਾ ਵੱਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਜਸਮੇਰ ਸਿੰਘ ਢੱਟ ਦੀ ਇਹ ਪੁਸਤਕ ਉਨ੍ਹਾਂ ਵੱਲੋਂ ਸੱਭਿਆਚਾਰਕ ਖੇਤਰ ਵਿੱਚ ਅੰਤਰ ਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ ਕੀਤੇ ਕੰਮਾਂ ਕਾਰਾਂ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ।  ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਉਹ ਸੱਥ ਵੱਲੋਂ ਕਰਵਾਏ ਜਾਂਦੇ ਸੱਭਿਆਚਾਰਕ ਮੁਕਬਾਲੇ ਮਿਸ ਵਰਲਡ ਪੰਜਾਬਣ ਨੂੰ ਪੰਜਾਬੀ ਭਵਨ ਵਿੱਚ ਅਤੇ ਟੀ ਵੀ ਚੈਨਲਾਂ ਤੇ ਵੀ ਵੇਖਦੇ ਰਹੇ ਹਨ। ਨੰਗੇਜ਼ ਦੇ ਖ਼ਿਲਾਫ਼ ਉਨ੍ਹਾਂ ਦਾ ਸੰਗਰਾਮ ਇਸ ਕਿਤਾਬ  ਵਿੱਚੋਂ ਮਿਲਦਾ ਹੈ। ਲਿਖਣ ਨਾਲ ਸਾਡੀਆਂ ਯਾਦਾਂ ਅਤੇ ਭਾਵਨਾਵਾਂ ਸਦੀਵੀ ਬਣ ਜਾਂਦੀਆਂ ਹਨ ਇਹ ਪੁਸਤਕ ਲਿਖ ਕੇ ਢੱਟ ਸਾਹਿਬ ਨੇ  ਯਾਦਗਾਰੀ ਕਾਰਜ ਕੀਤਾ ਹੈ  ਇਸ ਲਈ ਆਪਣੇ ਵਿਚਾਰਾਂ ਨੂੰ ਕਿਤਾਬੀ ਰੂਪ ਵਿੱਚ ਸੰਭਾਲਣ ਦਾ ਯਤਨ ਹਮੇਸ਼ਾ ਸਾਰਥਿਕ ਹੁੰਦਾ ਹੈ              

ਇਸ ਸਮਾਗਮ ਵਿੱਚ ਸਾਹਿਤ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਐਸੋਸੀਏਟ ਡਾਇਰੈਕਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਜਸਮੇਰ ਸਿੰਘ ਢੱਟ ਲੋਕ ਕਲਾਵਾਂ ਦੇ ਮਾਹਰ ਵਜੋਂ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ  । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿਹਾ ਇਹ ਪੁਸਤਕ ਸ ਜਸਮੇਰ ਸਿੰਘ ਢੱਟ ਦੇ ਲੰਮੇ ਤਜ਼ਰਬੇ ਦੀ ਪੈਦਾਇਸ਼ ਹੈ ਇਸ ਲਈ ਇਸ ਵਿਚੋਂ ਪ੍ਰੋੜ ਸਿਖਿਆਵਾਂ ਮਿਲਦੀਆਂ ਹਨ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ਼ ਡਾ ਅਜਮੇਰ ਸਿੰਘ ਢੱਟ ਨੇ ਕਿਹਾ ਕਿ ਆਮ ਪਾਠਕਾਂ ਲਈ ਇਹ ਪੁਸਤਕ ਮੁਲਵਾਨ ਹੈ,  ਕਿਉਂਕਿ ਸਰਲ ਭਾਸ਼ਾ ਵਿੱਚ ਹੈ ਘਟਨਾਵਾਂ ਵੀ ਦਿਲਚਸਪ ਹਨ।

  ਕਿਤਾਬ ਬਾਰੇ ਮੁੱਖ ਸ਼ਬਦ ਬੋਲਦਿਆਂ ਉਘੇ ਰੰਗ ਕਰਮੀ ਅਤੇ ਦੋ ਯੂਨੀਵਰਸਿਟੀ ਦੇ ਯੂਵਕ ਭਿਲਾਈ ਵਿਭਾਗ ਦੇ ਡਾਇਰੈਕਟਰ ਰਹੇ ਡਾ. ਨਿਰਮਲ ਜੌੜਾ  ਨੇ ਕਿਹਾ ਕਿ ਪਿਛਲੇ 35 ਸਾਲ ਦੀ ਨਿਰੰਤਰ ਸਾਂਝ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਢੱਟ ਸਾਹਿਬ ਹਮੇਸ਼ਾਂ  ਨਵੀਆਂ ਪੈੜਾਂ ਪਾਉਣ ਲਈ ਜਾਣੇ ਜਾਂਦੇ ਹਨ । ਪੁਸਤਕ ਵਿਚਲੀਆਂ ਨਿਜੀ ਘਟਨਾਵਾਂ, ਆਪ ਬੀਤੀਆਂ,ਕਹਾਣੀਆਂ, ਗੀਤ ਅਤੇ ਮੁਲਾਕਾਤਾਂ ਬਹੁਤ ਹੀ ਸਲੀਕੇ ਨਾਲ ਲਿਖੀਆਂ ਗਈਆਂ ਹਨ ।

ਲਿਖਣ ਨਾਲ ਯਾਦਾਂ ਅਤੇ ਭਾਵਨਾਵਾਂ ਸਦੀਵੀ ਬਣ ਜਾਂਦੀਆਂ ਹਨ ਉਨ੍ਹਾਂ ਇਸ ਕਿਤਾਬ ਦੇ ਲਿਖਣ ਅਤੇ ਪ੍ਰਕਾਸ਼ਨ ਲਈ ਮੁਬਾਰਕ ਦਿੱਤੀ। ਲੁਧਿਆਣਾ ਦੇ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਹਿੰਸੀਪਲ ਜਸਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜਸਮੇਰ ਸਿੰਘ ਢੱਟ ਵੱਲੋਂ ਲਿਖੀ ਇਹ ਪੁਸਤਕ ਵਿੱਚ ਉਹਨਾਂ ਦੇ ਜੀਵਨ ਦੀ ਗਾਥਾ ਹੈ ਜਿਸ ਵਿਚੋਂ ਬਹੁਤ ਸਾਰੇ ਸਬਕ ਵੀ ਮਿਲਦੇ ਹਨ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਵੀ ਢੱਟ ਸਾਹਿਬ ਦੇ ਸਿਰਜਣਾਤਮਕ ਉੱਦਮ ਨੂੰ ਸਲਾਹਿਆ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਹਿੱਤ ਸਿਰਜਣਾ ਸੂਰਮਤਾਈ ਵਾਲਾ ਕਾਰਜ ਹੈ। ਇਸ ਵੱਲ ਤੁਰਨਾ ਹੀ ਆਪਣੇ ਰੂਬਰੂ ਸਿੱਧਾ ਖਲੋ ਕੇ ਆਪਣਾ ਆਪਾ ਵੇਖਣ ਵਾਲਾ ਕੰਮ ਹੈ। ਜਸਮੇਰ ਸਿੰਘ ਢੱਟ ਸੰਵੇਦਨਸ਼ੀਲ ਵਿਅਕਤੀ ਹਨ ਜੋ ਆਪਣੀ ਸੰਵੈਦਨਾ ਨੂੰ ਰੱਜ ਕੇ ਸਮਾਜਿਕ ਕਾਰਜਾਂ ਉੱਪਰ ਖਰਚਦੇ ਰਹਿੰਦੇ ਹਨ। ਸ. ਜਸਮੇਰ ਸਿੰਘ ਢੱਟ  ਨੇ 1993 ਵਿੱਚ ਨੰਗੇਜ਼ ਦੀ  ਅੰਨ੍ਹੀ ਹਨੇਰੀ ਦੇ ਖਿਲਾਫ਼ ਸੱਭਿਆਚਾਰਕ ਸੱਥ ਬਣਾ ਕੇ ਧੀਆਂ ਭੈਣਾਂ ਲਈ ਅਜਿਹਾ ਮੁਕਾਬਲਾ ਵਿਉਂਤਿਆ ਜਿਸ ਦੀ ਮਿਸਾਲ ਉਸ ਤੋਂ ਪਹਿਲਾਂ ਜਾਂ ਮਗਰੋਂ ਹੁਣ ਤੀਕ ਵੀ ਵੇਖਣ ਨੂੰ ਨਹੀਂ ਮਿਲਦੀ। ਸੱਭਿਆਚਾਰਕ ਸੱਥ ਪੰਜਾਬ ਵੱਲੋਂ ਕੀਤੇ ਕੰਮਾਂ ਦਾ ਦਸਤਾਵੇਜ਼ੀ ਪ੍ਰਮਾਣੀਕਰਨ ਕਰਦੀ ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ। ਇਸ ਕਿਤਾਬ ਵਿੱਚ  ਉਸ ਨੇ ਜੀਵਨ ਦੀਆਂ ਵਡਮੁੱਲੀਆਂ ਯਾਦਾਂ ਨੂੰ ਵੀ ਅੰਕਿਤ ਕਰ ਲਿਆ ਹੈ। ਇਹ ਨਿੱਕੀਆਂ ਨਿੱਕੀਆਂ ਯਾਦਾਂ ਵੱਡੇ ਅਰਥਾਂ ਵਾਲੀਆਂ ਹਨ। ਜਸਮੇਰ ਸਿੰਘ ਢੱਟ ਦੇ ਅੰਦਰਲਾ ਸਿਰਜਕ ਜਦ ਆਕਾਰ  ਧਾਰ ਰਿਹਾ ਸੀ ਤਾਂ ਮੈਂ ਇਸ ਨੂੰ ਨਾਲੋ ਨਾਲ ਵਿਗਸਦਾ ਵੇਖਿਆ ਹੈ। ਇਸ ਆਕਾਰ ਨੇ ਬਹੁਤ ਜਲਦੀ ਸਾਕਾਰ ਰੂਪ ਧਾਰ  ਲਿਆ ਹੈ। ਯਕੀਨਨ ਇਹ ਬੀਜ ਅੰਕੁਰ ਤੋਂ ਪੌਦਾ ਅਤੇ ਪੌਦੇ ਤੋਂ ਘਣਛਾਵਾਂ ਬਿਰਖ ਬਣੇਗਾ, ਇਹ ਮੇਰਾ ਵਿਸ਼ਵਾਸ ਹੈ। ਯੰਗ ਰਾਈਟਰਜ਼ ਅਸੋਸੀਏਸ਼ਨ ਵੱਲੋਂ ਸ. ਜਸਮੇਰ ਸਿੰਘ ਢੱਟ ਨੂੰ ਸਨਮਾਨਿਤ ਕੀਤਾ ਗਿਆ।  ਅਸੋਸੀਏਸ਼ਨ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਨੇ  ਮਹਿਮਾਨਾਂ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਬਹੁਤ ਜੀਵੰਤ ਅੰਦਾਜ਼ ਵਿੱਚ ਕੀਤਾ। 

ਇਸ ਸਮੇਂ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਪੁਲੀਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਤੂਰ, ਸੇਵਾ ਮੁਕਤ  ਏ ਡੀ ਸੀ ਜੇ ਪੀ ਸਿੰਘ, ਡਾ. ਇਕਬਾਲ ਕੌਰ ਸਾਬਕਾ ਪ੍ਰਿੰਸੀਪਲ ਖ਼ਾਲਸਾ ਕਾਲਿਜ ਫਾਰ ਵਿਮੈੱਨ, ਡਾ. ਦੇਵਿੰਦਰ ਕੋਰ ਢੱਟ, ਡਾ. ਹਰਮੀਤ ਸਿੰਘ ਕਿੰਗਰਾ ਪ੍ਰਧਾਨ, ਪੀ ਏ ਯੂ ਟੀਚਰਜ਼ ਅਸੋਸੀਏਸ਼ਨ, ਸਤਬੀਰ ਸਿੰਘ ਕੋਆਰਡੀਨੇਟਰ ਯੁਵਕ ਭਲਾਈ, ਕੈਨੇਡਾ ਤੋਂ ਗਗਨਦੀਪ ਸਿੱਧੂ, ਇੰਦਰਜੀਤ ਕੋਂਟੀ,  ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਮਾਲਕ ਚੇਤਨਾ ਪ੍ਰਕਾਸ਼ਨ, ਬਚਿੱਤਰ ਸਿੰਘ ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ , ਇਸ ਵਰਲਡ ਪੰਜਾਬਣ ਸੁਖਦੀਪ ਮੰਡੇਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਗੁਰਚਰਨ  ਕੌਰ ਕੋਚਰ, ਜਨਰਲ ਸਕੱਤਰ ਗੁਲਜ਼ਾਰ ਪੰਧੇਰ, ਸਕੱਤਰ ਡਾ. ਹਰੀ ਸਿੰਘ ਜਾਚਕ, ਯੁਵਕ ਭਲਾਈ ਡਾਇਰੈਕਟਰ ਦਵਿੰਦਰ ਸਿੰਘ ਲੋਟੇ, ਪ੍ਰਿੰਸੀਪਲ  ਮਨਪ੍ਰੀਤ ਕੋਰ ਵਿਰਕ,  ਪ੍ਰਿੰਸੀਪਲ ਪ੍ਰਗਟ ਸਿੰਘ ਗਰਚਾ ਗੁਰੂ ਸਰ ਸਧਾਰ,ਪ੍ਰਿੰਸੀਪਲ ਅਮਰਜੀਤ ਸਿੰਘ ਗਰੇਵਾਲ ਸਾਬਕਾ ਪ੍ਰਿੰਸੀਪਲ ਦਾਖਾ,ਡਾ ਜਸਲੀਨ ਕੌਰ, ਡਾ ਇੰਦਰਜੀਤ ਜੁਨੇਜਾ , ਮੈਡਮ ਰੂਪੀ ਮਿੱਢਾ, ਕੁਲਵਿੰਦਰ ਜੁਨੇਜਾ, ਜਨਮੇਜਾ ਜੋਹਲ, ਡਾ ਮਾਨ ਸਿੰਘ ਤੂਰ, ਜਤਿੰਦਰਪਾਲ ਸਿੰਘ ਅਮਰਜੀਤ ਸਿੰਘ ਸਿੱਧੂ ਸਮੇਤ ਪਰਿਵਾਰਕ ਤੇ ਅਦਬੀ ਸੱਜਣਾਂ ਨੇ ਸ਼ਾਮਲ ਹੋ ਕੇ ਰੌਣਕ ਵਧਾਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.