IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਿੰਨ ਦਿਨਾਂ ਦੌਰੇ 'ਤੇ ਯੂਕੇ...

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਿੰਨ ਦਿਨਾਂ ਦੌਰੇ 'ਤੇ ਯੂਕੇ ਪੁੱਜੇ: ਲੰਡਨ ਹਵਾਈ ਅੱਡੇ 'ਤੇ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ 'ਚ ਭਰਵਾਂ ਸੁਆਗਤ

Admin User - Jul 18, 2026 11:48 AM
IMG

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਵਿਸ਼ੇਸ਼ ਪ੍ਰਚਾਰ ਦੌਰੇ ਤਹਿਤ ਬਰਤਾਨੀਆ (UK) ਪੁੱਜ ਗਏ ਹਨ। 'ਨਿਹਕਾਮੀ ਸੇਵਾ ਟ੍ਰਸਟ ਯੂਕੇ' ਦੇ ਸੱਦੇ 'ਤੇ ਆਏ ਜਥੇਦਾਰ ਸਾਹਿਬ ਦੇ ਲੰਡਨ ਹਵਾਈ ਅੱਡੇ 'ਤੇ ਉਤਰਦਿਆਂ ਹੀ ਉੱਥੇ ਮੌਜੂਦ ਸਥਾਨਕ ਸਿੱਖਾਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗਤ ਨੇ ਜਥੇਦਾਰ ਗੜਗੱਜ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ 'ਬੋਲੇ ਸੋ ਨਿਹਾਲ' ਦੇ ਆਕਾਸ਼-ਗੁੰਜਾਊ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।


ਆਪਣੇ ਇਸ ਤਿੰਨ ਦਿਨਾਂ ਦੇ ਰੁਝੇਵੇਂ ਭਰੇ ਪ੍ਰਵਾਸ ਦੌਰਾਨ ਸਿੰਘ ਸਾਹਿਬ ਲੰਡਨ ਦੇ ਹਯੇਜ਼ ਇਲਾਕੇ ਵਿੱਚ ਸਥਿਤ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ ਵਿਖੇ ਹਾਜ਼ਰੀ ਭਰਨਗੇ। ਉੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮਾਂ ਦੌਰਾਨ ਉਹ ਇੱਕਠੀ ਹੋਈ ਸੰਗਤ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ।


ਇਸ ਵੱਡੇ ਧਾਰਮਿਕ ਪ੍ਰੋਗਰਾਮ ਦਾ ਪ੍ਰਬੰਧ ਨਿਹਕਾਮੀ ਸੇਵਾ ਟ੍ਰਸਟ ਯੂਕੇ, ਜੱਥਾ ਪੰਜ ਪਿਆਰੇ ਸਾਹਿਬਾਨ ਯੂਕੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਟ੍ਰਸਟ ਯੂਕੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਿਲ ਕੇ ਕੀਤਾ ਗਿਆ ਹੈ। ਇਸ ਦੌਰੇ ਦੇ ਦੂਜੇ ਹਿੱਸੇ ਵਿੱਚ ਜਥੇਦਾਰ ਗੜਗੱਜ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਵੀ ਨਤਮਸਤਕ ਹੋਣਗੇ ਅਤੇ ਉੱਥੋਂ ਦੇ ਸਥਾਨਕ ਸਿੱਖ ਪ੍ਰਵਾਰਾਂ ਨਾਲ ਮੁਲਾਕਾਤ ਕਰਕੇ ਪੰਥਕ ਮੁੱਦਿਆਂ 'ਤੇ ਚਰਚਾ ਕਰਨਗੇ।


ਇਸ ਯਾਤਰਾ ਦੌਰਾਨ ਜਥੇਦਾਰ ਸਾਹਿਬ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਹਨ। ਉੱਥੋਂ ਦੇ ਸਿੱਖ ਆਗੂਆਂ ਦਾ ਮੰਨਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਸ ਫੇਰੀ ਨਾਲ ਬਰਤਾਨੀਆ ਵਿੱਚ ਰਹਿ ਰਹੀ ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਧਾਰਮਿਕ ਸਿਧਾਂਤਾਂ ਨਾਲ ਜੁੜਨ ਲਈ ਇੱਕ ਨਵੀਂ ਪ੍ਰੇਰਨਾ ਮਿਲੇਗੀ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵੀ ਇਹ ਦੌਰਾ ਬੇਹੱਦ ਅਹਿਮ ਸਾਬਤ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.