ਤਾਜਾ ਖਬਰਾਂ
ਹੁਸ਼ਿਆਰਪੁਰ ਵਿੱਚ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਸਕੂਲ ਦੀ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਸਕੂਲ ਬੱਸ ਪਿੰਡ ਆਨੰਦਗੜ੍ਹ ਨੇੜੇ ਬਿਜਲੀ ਦੇ ਮੁੱਖ ਖੰਭੇ ਨਾਲ ਜਾ ਟਕਰਾਈ। ਇਹ ਘਟਨਾ ਦੁਪਹਿਰ ਕਰੀਬ 3 ਵਜੇ ਵਾਪਰੀ, ਜਦੋਂ ਬੱਸ ਵਿੱਚ ਲਗਭਗ 20 ਸਕੂਲੀ ਬੱਚੇ ਸਵਾਰ ਸਨ। ਹਾਦਸੇ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ।
ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਵੇਲੇ ਬਿਜਲੀ ਸਪਲਾਈ ਬੰਦ ਸੀ, ਜਿਸ ਕਾਰਨ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜੇਕਰ ਉਸ ਸਮੇਂ ਖੰਭੇ ਵਿੱਚ ਕਰੰਟ ਚੱਲ ਰਿਹਾ ਹੁੰਦਾ ਤਾਂ ਹਾਦਸਾ ਹੋਰ ਵੀ ਗੰਭੀਰ ਰੂਪ ਧਾਰ ਸਕਦਾ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਸ ਚਾਲਕ ਵਿਕਾਸ, ਜੋ ਪਿੰਡ ਬੜੀ ਬੱਸੀ ਦਾ ਰਹਿਣ ਵਾਲਾ ਅਤੇ ਵੀਰਪਾਲ ਦਾ ਪੁੱਤਰ ਹੈ, ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਕਰਵਾਈ ਗਈ ਡਾਕਟਰੀ ਜਾਂਚ ਦੌਰਾਨ ਡਰਾਈਵਰ ਦਾ ਡੋਪ ਟੈਸਟ ਪਾਜ਼ੀਟਿਵ ਆਇਆ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਸਕੂਲ ਬੱਸ ਚਲਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਡਰਾਈਵਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਐੱਸਐੱਸਪੀ ਦੇ ਨਿਰਦੇਸ਼ਾਂ ਅਨੁਸਾਰ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਐੱਨਡੀਪੀਐੱਸ ਐਕਟ ਸਮੇਤ ਹੋਰ ਲਾਗੂ ਧਾਰਾਵਾਂ ਤਹਿਤ ਅਗਲੀ ਜਾਂਚ ਜਾਰੀ ਹੈ।
ਇਸ ਹਾਦਸੇ ਵਿੱਚ ਸਭ ਤੋਂ ਵੱਡੀ ਰਾਹਤ ਇਹ ਰਹੀ ਕਿ ਬੱਸ ਵਿੱਚ ਸਵਾਰ ਸਾਰੇ ਬੱਚੇ ਸੁਰੱਖਿਅਤ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਸਕੂਲੀ ਵਾਹਨਾਂ ਦੇ ਡਰਾਈਵਰਾਂ ਦੀ ਨਿਯਮਤ ਜਾਂਚ, ਨਸ਼ਾ ਟੈਸਟ ਅਤੇ ਸੁਰੱਖਿਆ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।
Get all latest content delivered to your email a few times a month.