IMG-LOGO
ਹੋਮ ਪੰਜਾਬ: ਮੋਦੀ ਨੇ ਪੰਜਾਬ ਲਈ ਚੋਣਾਂ ਦੀਆਂ ਫੇਰੀਆਂ ਤੋਂ ਇਲਾਵਾ ਕੁਝ...

ਮੋਦੀ ਨੇ ਪੰਜਾਬ ਲਈ ਚੋਣਾਂ ਦੀਆਂ ਫੇਰੀਆਂ ਤੋਂ ਇਲਾਵਾ ਕੁਝ ਨਹੀਂ ਕੀਤਾ: ਵੜਿੰਗ

Admin User - Jul 17, 2026 06:57 PM
IMG

ਚੰਡੀਗੜ੍ਹ, 17 ਜੁਲਾਈ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਲਈ ਚੋਣਾਂ ਦੌਰਾਨ ਫੇਰੀਆਂ ਵੇਲੇ ਵਾਅਦੇ ਅਤੇ ਬਿਆਨ ਦੇਣ ਤੋਂ ਇਲਾਵਾ ਕੋਈ ਠੋਸ ਕੰਮ ਨਹੀਂ ਕੀਤਾ ਹੈ।

ਇਸ ਲੜੀ ਹੇਠ, ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਆਏ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਪੰਜਾਬ ਲਈ ਕੋਈ ਨਵੀਂ ਜਾਂ ਠੋਸ ਯੋਜਨਾ ਨਹੀਂ ਸੀ, ਸਗੋਂ ਉਹ ਸਿਰਫ਼ ਉਹੀ ਪੁਰਾਣੇ ਵਾਅਦੇ ਦੁਹਰਾ ਰਹੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਕੋਈ ਨੀਅਤ ਨਹੀਂ ਦਿਖਾਈ ਦਿੰਦੀ।

ਸੂਬਾ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲੋਕਾਂ ਵਿੱਚ ਧਰੁਵੀਕਰਨ ਦੀ ਸਿਆਸਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਦੌਰਾ ਵੀ ਇੱਕ ਖਾਸ ਮਕਸਦ ਅਤੇ ਏਜੰਡੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਪਰ ਪੰਜਾਬ ਵਿੱਚ ਇਹ ਸਿਆਸਤ ਸਫਲ ਨਹੀਂ ਹੋਵੇਗੀ।

ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਆਰਥਿਕ ਅਤੇ ਖੇਤੀਬਾੜੀ ਦੇ ਮੁੜ ਨਿਰਮਾਣ ਦੀ ਲੋੜ ਹੈ, ਪਰ ਇਸ ਸਬੰਧੀ ਪ੍ਰਧਾਨ ਮੰਤਰੀ ਕੋਲ ਕੋਈ ਠੋਸ ਪੇਸ਼ਕਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸੱਚਮੁੱਚ ਇਮਾਨਦਾਰ ਹੁੰਦੇ, ਤਾਂ ਉਹ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫ਼ੀ ਅਤੇ ਵੱਖ-ਵੱਖ ਫਸਲਾਂ ਲਈ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਵਾਅਦੇ ਪੂਰੇ ਕਰਦੇ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਮੋਦੀ ਪਿਛਲੇ 12 ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਪੰਜਾਬ ਨਾਲ ਲੰਮੇ ਸਬੰਧਾਂ ਦੇ ਦਾਅਵਿਆਂ ਦੇ ਬਾਵਜੂਦ ਉਨ੍ਹਾਂ ਨੇ ਸੂਬੇ ਨੂੰ ਕੋਈ ਖਾਸ ਲਾਭ ਨਹੀਂ ਦਿੱਤਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਇਹ ਲਾਜ਼ਮੀ ਹੈ ਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੋਵੇ, ਤਾਂ ਹੀ ਕੇਂਦਰ ਸਰਕਾਰ ਪੰਜਾਬ ਨੂੰ ਉਸਦਾ ਬਣਦਾ ਹੱਕ ਦੇਵੇਗੀ? ਉਨ੍ਹਾਂ ਨੇ ਕਿਹਾ ਕਿ ਜੇਕਰ ਇਹੀ ਸੋਚ ਹੈ, ਤਾਂ ਪੰਜਾਬ ਨੂੰ ਮੋਦੀ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ, ਕਿਉਂਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਕਦੇ ਵੀ ਨਹੀਂ ਬਣੇਗੀ।

ਵੜਿੰਗ ਨੇ ਕਿਹਾ ਕਿ ਤੁਹਾਡੀ ਸਰਕਾਰ 2017 ਤੋਂ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਇਹ ਲੋਕਾਂ ਨੂੰ ਬਲੈਕਮੇਲ ਕਰਨ ਵਰਗਾ ਹੈ ਕਿ ਪਹਿਲਾਂ ਸਾਨੂੰ ਵੋਟ ਦਿਓ, ਫਿਰ ਹੀ ਤੁਹਾਨੂੰ ਤੁਹਾਡਾ ਬਣਦਾ ਹੱਕ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਸਾਲਾਂ ਤੋਂ ਸਿਰਫ਼ ਵਾਅਦੇ ਹੀ ਮਿਲੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ, ਉਦਯੋਗਾਂ ਦਾ ਪੁਨਰਜੀਵਨ, ਨੌਜਵਾਨਾਂ ਲਈ ਰੁਜ਼ਗਾਰ, ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਪੈਕੇਜ, ਕਿਸਾਨਾਂ ਲਈ ਮਜ਼ਬੂਤ ਸਹਾਇਤਾ ਅਤੇ ਨਸ਼ਿਆਂ ਦੀ ਸਮੱਸਿਆ ਖ਼ਿਲਾਫ਼ ਨਿਰਣਾਇਕ ਕਾਰਵਾਈ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਿੱਚ ਕਦੇ ਕੋਈ ਕਮੀ ਨਹੀਂ ਛੱਡੀ। ਹੁਣ ਪੰਜਾਬ ਨੂੰ ਆਪਣੇ ਹੱਕ ਲਈ ਹੋਰ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ ਹੈ। ਪੰਜਾਬ ਨੂੰ ਕੱਲ੍ਹ ਦੀਆਂ ਸੁਰਖੀਆਂ ਨਹੀਂ, ਸਗੋਂ ਅਜਿਹਾ ਕੰਮ ਚਾਹੀਦਾ ਹੈ, ਜੋ ਤੁਹਾਡੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਯਾਦ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.