ਤਾਜਾ ਖਬਰਾਂ
ਪੰਜਾਬ ਦੇ ਹੌਣਹਾਰ ਨੌਜਵਾਨਾਂ ਨੇ ਇੱਕ ਵਾਰ ਫਿਰ ਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਰਹਿਣ ਵਾਲੇ 17 ਸਾਲਾ ਆਰੀਅਨ ਗੁਪਤਾ ਨੇ ਦੇਸ਼ ਦੀ ਸਭ ਤੋਂ ਵੱਕਾਰੀ ਅਤੇ ਔਖੀ ਮੰਨੀ ਜਾਣ ਵਾਲੀ ਮੈਡੀਕਲ ਪ੍ਰਵੇਸ਼ ਪ੍ਰੀਖਿਆ 'ਨੀਟ' (NEET-UG 2026) ਵਿੱਚ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਆਰੀਅਨ ਨੇ ਕੁੱਲ 720 ਅੰਕਾਂ ਵਿੱਚੋਂ 715 ਸ਼ਾਨਦਾਰ ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚੋਂ 'ਆਲ ਇੰਡੀਆ ਰੈਂਕ 1' (AIR 1) ਦਾ ਤਾਜ ਆਪਣੇ ਸਿਰ ਸਜਾਇਆ ਹੈ। ਇਸ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਜਿੱਥੇ ਆਰੀਅਨ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਨੌਜਵਾਨ ਨੂੰ ਮੁਬਾਰਕਬਾਦ ਦਿੱਤੀ ਹੈ।
ਆਰੀਅਨ ਦੀ ਇਸ ਬੇਮਿਸਾਲ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਤੇ ਕਿਹਾ "ਨੀਟ ਪ੍ਰੀਖਿਆ ਵਿੱਚ 'ਆਲ ਇੰਡੀਆ ਰੈਂਕ 1' ਹਾਸਲ ਕਰਨ 'ਤੇ ਲੁਧਿਆਣਾ ਦੇ ਆਰੀਅਨ ਗੁਪਤਾ ਨੂੰ ਬਹੁਤ-ਬਹੁਤ ਮੁਬਾਰਕਾਂ। ਪ੍ਰੀਖਿਆ ਰੱਦ ਹੋਣ (re-NEET) ਦੇ ਦੌਰਾਨ ਮਿਲੀ ਨਿਰਾਸ਼ਾ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾ ਕੇ ਆਰੀਅਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹ ਇਰਾਦੇ, ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਆਰੀਅਨ ਦਾ ਇਹ ਜਜ਼ਬਾ ਅਤੇ ਹੌਂਸਲਾ ਦੇਸ਼ ਦੇ ਹਰ ਨੌਜਵਾਨ ਲਈ ਇੱਕ ਵੱਡੀ ਪ੍ਰੇਰਨਾ ਹੈ। ਮੈਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।"
ਦੂਜੇ ਪਾਸੇ, ਅਰਵਿੰਦ ਕੇਜਰੀਵਾਲ ਨੇ ਵੀ ਆਰੀਅਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਇਸ ਇਤਿਹਾਸਕ ਨਤੀਜੇ ਨਾਲ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਆਰੀਅਨ ਭਾਰਤ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਸੱਚੀ ਮਿਸਾਲ ਹੈ। ਕੇਜਰੀਵਾਲ ਨੇ ਪ੍ਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੇਸ਼ ਦਾ ਨਾਮ ਇਵੇਂ ਹੀ ਰੌਸ਼ਨ ਕਰਦੇ ਰਹਿਣ ਲਈ ਪ੍ਰੇਰਿਆ।
ਆਰੀਅਨ ਦੀ ਇਸ ਮਹਾਨ ਸਫ਼ਲਤਾ ਨਾਲ ਉਸ ਦਾ ਪਰਿਵਾਰ ਅਤੇ ਅਧਿਆਪਕ ਬੇਹੱਦ ਗੌਰਵਮਈ ਮਹਿਸੂਸ ਕਰ ਰਹੇ ਹਨ। ਦੱਸ ਦੇਈਏ ਕਿ ਆਰੀਅਨ ਦਾ ਪੂਰਾ ਪਰਿਵਾਰ ਮੈਡੀਕਲ ਲਾਈਨ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਡਾ. ਸਚਿਨ ਗੁਪਤਾ ਇੱਕ ਜਾਣੇ-ਪਛਾਣੇ ਅਨੱਸਥੀਸੀਓਲੋਜਿਸਟ (Anesthesiologist) ਹਨ ਅਤੇ ਮਾਂ ਡਾ. ਰੀਨੂ ਗੁਪਤਾ ਇੱਕ ਗਾਇਨੀਕੋਲੋਜਿਸਟ (Gynecologist) ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਰੀਅਨ ਨੇ ਆਪਣੀ ਇਸ ਕਾਮਯਾਬੀ ਦਾ ਸਾਰਾ ਸਿਹਰਾ ਆਪਣੀ ਸਵਰਗੀ ਦਾਦੀ ਜੀ ਦੀ ਪ੍ਰੇਰਨਾ ਅਤੇ ਆਪਣੇ ਵੱਡੇ ਭਰਾ ਦੇ ਵਧੀਆ ਮਾਰਗਦਰਸ਼ਨ ਨੂੰ ਦਿੱਤਾ ਹੈ।
"ਜਦੋਂ ਮੈਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ, ਉਦੋਂ ਮੇਰੀ ਦਾਦੀ ਦੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਕਾਰਨ ਮੌਤ ਹੋ ਗਈ ਸੀ। ਮੇਰੇ ਦਾਦਕੇ ਅਤੇ ਨਾਨਕੇ ਪਰਿਵਾਰ ਵਿੱਚ ਲਗਭਗ ਹਰ ਕੋਈ ਡਾਕਟਰ ਹੈ, ਮੇਰੇ ਮਾਤਾ-ਪਿਤਾ ਵੀ ਡਾਕਟਰ ਹਨ, ਪਰ ਫਿਰ ਵੀ ਅਸੀਂ ਸਾਰੇ ਮਿਲ ਕੇ ਵੀ ਉਨ੍ਹਾਂ ਨੂੰ ਬਚਾ ਨਹੀਂ ਸਕੇ। ਮੈਂ ਆਪਣੀ ਦਾਦੀ ਦੇ ਬਹੁਤ ਨੇੜੇ ਸੀ ਅਤੇ ਉਨ੍ਹਾਂ ਦੇ ਜਾਣ ਨਾਲ ਮੈਂ ਅੰਦਰੋਂ ਬਹੁਤ ਟੁੱਟ ਗਿਆ ਸੀ। ਬੱਸ ਉਸੇ ਦੁੱਖ ਨੇ ਮੈਨੂੰ ਜ਼ਿੰਦਗੀ ਦਾ ਇੱਕੋ-ਇੱਕ ਮਕਸਦ ਦਿੱਤਾ ਕਿ ਮੈਂ ਵੱਡਾ ਹੋ ਕੇ ਇੱਕ ਬਿਹਤਰੀਨ ਕੈਂਸਰ ਮਾਹਰ (Oncologist) ਬਣਾਂਗਾ। ਅੱਜ, ਜਦੋਂ NEET-UG ਦੇ ਨਤੀਜੇ ਸਾਹਮਣੇ ਆਏ ਹਨ, ਤਾਂ ਮੈਨੂੰ ਲੱਗ ਰਿਹਾ ਹੈ ਕਿ ਮੇਰੀ ਦਾਦੀ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਮੇਰਾ ਉਹ ਬਚਪਨ ਦਾ ਸੁਪਨਾ ਹੁਣ ਸਾਕਾਰ ਹੋਣ ਦੇ ਬਿਲਕੁਲ ਨਜ਼ਦੀਕ ਹੈ।"
ਆਰੀਅਨ ਦੀ ਇਸ ਵਿਲੱਖਣ ਪ੍ਰਾਪਤੀ ਨੇ ਪੰਜਾਬ ਦੇ ਸਿੱਖਿਆ ਅਤੇ ਮੈਡੀਕਲ ਹਲਕਿਆਂ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ ਹੈ। ਸਥਾਨਕ ਲੋਕਾਂ ਅਤੇ ਮੈਡੀਕਲ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਪ੍ਰੀਖਿਆਵਾਂ ਦੇ ਮੁੜ-ਸੰਚਾਲਨ (re-NEET) ਦੇ ਮਾਨਸਿਕ ਦਬਾਅ ਦੇ ਬਾਵਜੂਦ ਇੰਨਾ ਸ਼ਾਨਦਾਰ ਰੈਂਕ ਹਾਸਲ ਕਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਆਰੀਅਨ ਗੁਪਤਾ ਦੀ ਇਹ ਸਫ਼ਲਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਡੀਕਲ ਖੇਤਰ ਵਿੱਚ ਜਾ ਕੇ ਮਾਨਵਤਾ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
Get all latest content delivered to your email a few times a month.