ਤਾਜਾ ਖਬਰਾਂ
ਅਮਰੀਕਾ ਦੀ ਸਰਵਉੱਚ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਫੈਲੇ ਸੰਗਠਿਤ ਅਪਰਾਧਿਕ ਨੈੱਟਵਰਕ 'ਤੇ ਇੱਕ ਵੱਡੀ ਕਾਰਵਾਈ ਕੀਤੀ ਹੈ। ਐਫ ਬੀ ਆਈ ਨੇ ਆਪਣੀ 'ਮੋਸਟ ਵਾਂਟੇਡ' ਸੂਚੀ ਵਿੱਚ ਸ਼ਾਮਲ ਭਾਰਤੀ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਵਰਮੋਂਟ ਰਾਜ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਕੌਸ਼ਲ 'ਤੇ ਅਮਰੀਕੀ ਸਰਜ਼ਮੀਨ 'ਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਚਲਾਉਣ, ਅਗਵਾ, ਹਿੰਸਕ ਹਮਲਿਆਂ ਅਤੇ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਗੰਭੀਰ ਇਲਜ਼ਾਮ ਹਨ।
ਪਛਾਣ ਅਤੇ ਉਮਰ: ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਉਮਰ ਲਗਭਗ 26 ਸਾਲ ਹੈ, ਜਿਸ ਨੂੰ ਅਪਰਾਧ ਜਗਤ ਵਿੱਚ 'ਲਾਲਾ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਖ਼ਤਰਨਾਕ ਨੈੱਟਵਰਕ: ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਇੱਕ ਬੇਹੱਦ ਸਰਗਰਮ ਅਤੇ ਮੁੱਖ ਮੈਂਬਰ ਹੈ, ਜੋ ਕਤਲ, ਜਬਰੀ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਸੰਗੀਨ ਜ਼ੁਰਮਾਂ ਵਿੱਚ ਸ਼ਾਮਲ ਰਿਹਾ ਹੈ।
ਕਾਨੂੰਨੀ ਸ਼ਿਕੰਜਾ: ਬੀਤੀ 25 ਜੂਨ, 2026 ਨੂੰ ਕੈਲੀਫੋਰਨੀਆ ਦੀ ਸੈਂਟ੍ਰਲ ਡਿਸਟ੍ਰਿਕਟ ਸੰਘੀ ਅਦਾਲਤ ਨੇ RICO (ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ) ਸਾਜ਼ਿਸ਼ ਮਾਮਲੇ ਦੇ ਤਹਿਤ ਨਿਤੀਸ਼ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਜਾਂਚ ਏਜੰਸੀ ਨੇ ਉਸ ਨੂੰ ਬੇਹੱਦ ਖ਼ਤਰਨਾਕ ਅਤੇ ਹਥਿਆਰਬੰਦ ਘੋਸ਼ਿਤ ਕੀਤਾ ਹੋਇਆ ਸੀ।
ਨਿਤੀਸ਼ ਕੌਸ਼ਲ ਵਿਰੁੱਧ ਇਹ ਸਖ਼ਤ ਕਾਰਵਾਈ ਇੱਕ ਵਿਸ਼ੇਸ਼ ਮੁਹਿੰਮ 'ਆਪ੍ਰੇਸ਼ਨ ਹਾਰਡ ਬਾਲ' ਦੇ ਤਹਿਤ ਅਮਲ ਵਿੱਚ ਲਿਆਂਦੀ ਗਈ ਹੈ। ਇਹ ਅਮਰੀਕੀ ਏਜੰਸੀਆਂ (FBI, DEA, HSI) ਦਾ ਇੱਕ ਸਾਂਝਾ ਅਪ੍ਰੇਸ਼ਨ ਹੈ, ਜਿਸ ਦਾ ਮੁੱਖ ਮਕਸਦ ਭਾਰਤ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਨਸ਼ਾ ਤਸਕਰੀ ਅਤੇ ਹਿੰਸਾ ਫੈਲਾ ਰਹੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਤਬਾਹ ਕਰਨਾ ਹੈ।
ਵੱਡੀ ਬਰਾਮਦਗੀ: ਇਸ ਸਾਂਝੇ ਅਪ੍ਰੇਸ਼ਨ ਦੌਰਾਨ ਏਜੰਸੀਆਂ ਨੇ ਲਗਭਗ 1,000 ਕਿਲੋ ਕੋਕੀਨ, 1 ਕਿਲੋ ਹੈਰੋਇਨ, 40,000 ਅਮਰੀਕੀ ਡਾਲਰ ਦੀ ਨਕਦੀ ਅਤੇ 12 ਅਤਿ-ਆਧੁਨਿਕ ਹਥਿਆਰ ਜ਼ਬਤ ਕੀਤੇ ਹਨ।
ਵਿਆਪਕ ਛਾਪੇਮਾਰੀ: ਸੁਰੱਖਿਆ ਬਲਾਂ ਨੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ 23 ਥਾਵਾਂ ਅਤੇ ਲਾਸ ਏਂਜਲਸ ਖੇਤਰ ਵਿੱਚ 11 ਟਿਕਾਣਿਆਂ 'ਤੇ ਇੱਕੋ ਸਮੇਂ ਤਾਬੜਤੋੜ ਛਾਪੇਮਾਰੀ ਕੀਤੀ।
ਐਫ ਬੀ ਆਈ ਨੇ 'ਆਪ੍ਰੇਸ਼ਨ ਹਾਰਡ ਬਾਲ' ਤਹਿਤ ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿੱਚ 37 ਖ਼ਤਰਨਾਕ ਅਪਰਾਧੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਸੂਚੀ ਵਿੱਚ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ, ਰੋਹਿਤ ਗੋਦਾਰਾ ਅਤੇ ਰਵਿੰਦਰ ਸਿੰਘ ਢਾਂਡਾ ਵਰਗੇ ਵੱਡੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਰੁੱਧ ਅੰਤਰਰਾਸ਼ਟਰੀ ਹਵਾਲਾ ਕਾਰੋਬਾਰ, ਜਬਰੀ ਵਸੂਲੀ ਅਤੇ ਹਰਦੀਪ ਸਿੰਘ ਨਿੱਝਰ ਦੇ ਹੱਤਿਆਕਾਂਡ ਸਮੇਤ ਕਈ ਹੋਰ ਹਿੰਸਕ ਮਾਮਲਿਆਂ ਦੀ ਗੰਭੀਰ ਜਾਂਚ ਚੱਲ ਰਹੀ ਹੈ।
ਅਮਰੀਕੀ ਧਰਤੀ 'ਤੇ ਨਿਤੀਸ਼ ਕੌਸ਼ਲ ਦੀ ਗ੍ਰਿਫ਼ਤਾਰੀ ਨੂੰ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਜੰਗ ਵਿੱਚ ਇੱਕ ਬੇਹੱਦ ਅਹਿਮ ਸਫ਼ਲਤਾ ਮੰਨਿਆ ਜਾ ਰਿਹਾ ਹੈ। ਸੁਰੱਖਿਆ ਮਾਹਰਾਂ ਮੁਤਾਬਕ, ਕੌਸ਼ਲ ਵਰਗੇ ਮੁੱਖ ਮੈਂਬਰ ਦੇ ਫੜੇ ਜਾਣ ਨਾਲ ਭਾਰਤ, ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਗੈਂਗਸਟਰ ਨੈੱਟਵਰਕ ਦੇ ਕਈ ਅਹਿਮ ਰਾਜ਼ ਖੁੱਲ੍ਹਣਗੇ। ਇਹ ਗ੍ਰਿਫ਼ਤਾਰੀ ਜਿੱਥੇ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਗੈਂਗ ਦੇ ਵਿਦੇਸ਼ੀ ਸੰਚਾਲਨ ਨੂੰ ਇੱਕ ਵੱਡਾ ਝਟਕਾ ਹੈ, ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਐਫ।ਬੀ।ਆਈ। ਵੱਲੋਂ ਇਸ ਚਾਰਜਸ਼ੀਟ ਦੇ ਆਧਾਰ 'ਤੇ ਕੁਝ ਹੋਰ ਵੱਡੀਆਂ ਗ੍ਰਿਫ਼ਤਾਰੀਆਂ ਕੀਤੇ ਜਾਣ ਦੀ ਵੀ ਪੂਰੀ ਸੰਭਾਵਨਾ ਹੈ।
Get all latest content delivered to your email a few times a month.