IMG-LOGO
ਹੋਮ ਪੰਜਾਬ, ਰਾਸ਼ਟਰੀ, ਹਰਿਆਣਾ, ਪੀ.ਐਮ. ਮੋਦੀ ਵੱਲੋਂ ਅੱਜ ਪੰਜਾਬ ਤੇ ਹਰਿਆਣਾ ਨੂੰ ਅਰਬਾਂ ਦੀਆਂ...

ਪੀ.ਐਮ. ਮੋਦੀ ਵੱਲੋਂ ਅੱਜ ਪੰਜਾਬ ਤੇ ਹਰਿਆਣਾ ਨੂੰ ਅਰਬਾਂ ਦੀਆਂ ਸੌਗਾਤਾਂ: ਜਲੰਧਰ ਕੈਂਟ ਸਟੇਸ਼ਨ ਸਮੇਤ 75 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਉਦਘਾਟਨ; ਮੋਹਾਲੀ 'ਚ 'ਨੋ ਫਲਾਇੰਗ...

Admin User - Jul 16, 2026 01:58 PM
IMG

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਦੇ ਇੱਕ ਰੋਜ਼ਾ ਅਹਿਮ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਦੋਵਾਂ ਸੂਬਿਆਂ ਦੇ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਸੜਕ ਸੰਪਰਕ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪੀ.ਐਮ. ਦੇ ਇਸ ਪ੍ਰਸਤਾਵਿਤ ਦੌਰੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਨੇ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਪੁਖ਼ਤਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਕੁਮਾਰ ਸਿਨਹਾ ਮੁਤਾਬਕ ਪ੍ਰਧਾਨ ਮੰਤਰੀ ਦੁਪਹਿਰ ਕਰੀਬ 3:40 ਵਜੇ ਜਲੰਧਰ ਪਹੁੰਚਣਗੇ ਅਤੇ ਇੱਥੇ ਲਗਭਗ ਡੇਢ ਘੰਟਾ ਰੁਕਣਗੇ।


ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ: ਪੀ.ਐਮ. ਮੋਦੀ ਇੱਥੇ ਜਲੰਧਰ ਛਾਉਣੀ (ਕੈਂਟ) ਰੇਲਵੇ ਸਟੇਸ਼ਨ ਦੇ ਪੁਨਰ-ਵਿਕਸਤ ਕੰਪਲੈਕਸ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਦੇਸ਼ ਭਰ ਦੇ 74 ਹੋਰ 'ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ' ਦਾ ਵੀ ਵਰਚੁਅਲੀ ਉਦਘਾਟਨ ਕੀਤਾ ਜਾਵੇਗਾ।


ਸੜਕੀ ਰੂਟਾਂ 'ਚ ਬਦਲਾਅ: ਸਮਾਗਮ ਵਾਲੀ ਥਾਂ ਨੈਸ਼ਨਲ ਹਾਈਵੇਅ-44 ਦੇ ਬਿਲਕੁਲ ਨੇੜੇ ਹੋਣ ਕਰਕੇ ਸੁਰੱਖਿਆ ਦੇ ਲਿਹਾਜ਼ ਨਾਲ ਹਾਈਵੇਅ 'ਤੇ ਅਸਥਾਈ ਟ੍ਰੈਫਿਕ ਡਾਇਵਰਸ਼ਨ ਲਾਗੂ ਕੀਤੇ ਜਾਣਗੇ, ਤਾਂ ਜੋ ਆਮ ਵਾਹਨ ਚਾਲਕਾਂ ਨੂੰ ਦਿੱਕਤ ਨਾ ਆਵੇ।


ਪ੍ਰਧਾਨ ਮੰਤਰੀ ਚੰਡੀਗੜ੍ਹ ਅਤੇ ਮੋਹਾਲੀ ਵਿਖੇ 6,600 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕਰਨਗੇ:


ਸਿਹਤ ਸਹੂਲਤਾਂ: ਪੀ.ਜੀ.ਆਈ.ਐਮ.ਈ.ਆਰ. (PGIMER) ਵਿਖੇ ਬਣੇ 'ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ' ਅਤੇ 'ਸੈਂਟਰ ਫਾਰ ਐਡਵਾਂਸਡ ਨਿਊਰੋਸਾਇੰਸ' ਦਾ ਉਦਘਾਟਨ ਕੀਤਾ ਜਾਵੇਗਾ। ਨਾਲ ਹੀ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ।


ਸਿੱਖਿਆ ਤੇ ਹੋਸਟਲ: ਪੰਜਾਬ ਇੰਜੀਨੀਅਰਿੰਗ ਕਾਲਜ (PEC) ਅਤੇ ਸਰਕਾਰੀ ਕਾਲਜ ਸੈਕਟਰ-46 ਵਿਖੇ ਨਵੇਂ ਹੋਸਟਲਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।


ਸੜਕੀ ਸੰਪਰਕ: ਮੋਹਾਲੀ ਆਈ.ਟੀ. ਸਿਟੀ ਤੋਂ ਕੁਰਾਲੀ ਤੱਕ 6-ਲੇਨ ਵਾਲੇ ਗ੍ਰੀਨਫੀਲਡ ਹਾਈਵੇਅ ਦਾ ਉਦਘਾਟਨ ਹੋਵੇਗਾ।


ਪੀ.ਐਮ. ਦੇ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਤਹਿਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਪੂਰੇ ਮੋਹਾਲੀ ਜ਼ਿਲ੍ਹੇ ਦੇ ਹਵਾਈ ਖੇਤਰ ਨੂੰ 'ਨੋ ਫਲਾਇੰਗ ਜ਼ੋਨ' (No Flying Zone) ਐਲਾਨ ਦਿੱਤਾ ਹੈ। ਇਸ ਦਿਨ ਕਿਸੇ ਵੀ ਤਰ੍ਹਾਂ ਦੇ ਡਰੋਨ, ਯੂ.ਏ.ਵੀ. ਜਾਂ ਹੋਰ ਉਡਣ ਵਾਲੇ ਯੰਤਰਾਂ 'ਤੇ ਮੁਕੰਮਲ ਪਾਬੰਦੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਵੀ ਪੀ.ਐਮ. ਮੋਦੀ ਕਰੋੜਾਂ ਦੀਆਂ ਯੋਜਨਾਵਾਂ ਸ਼ੁਰੂ ਕਰਨਗੇ। ਉਹ ਜੀਂਦ ਵਿਖੇ ਲਗਭਗ 14,700 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ, ਜਿਸ ਵਿੱਚ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ਪ੍ਰਦੂਸ਼ਣ-ਮੁਕਤ 'ਹਾਈਡ੍ਰੋਜਨ ਟ੍ਰੇਨ' ਨੂੰ ਹਰੀ ਝੰਡੀ ਦਿਖਾਉਣਾ ਸ਼ਾਮਲ ਹੈ। ਇਸ ਦੇ ਨਾਲ ਹੀ ਧਰਮ ਨਗਰੀ ਕੁਰੂਕਸ਼ੇਤਰ ਵਿਖੇ ਸਿੱਖ ਗੁਰੂ ਸਾਹਿਬਾਨ ਦੀਆਂ ਲਾਸਾਨੀ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਇੱਕ ਆਧੁਨਿਕ 'ਸਿੱਖ ਅਜਾਇਬ ਘਰ' ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।


ਦੂਜੇ ਪਾਸੇ, ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੰਜਾਬ ਭਾਜਪਾ ਨੇ ਵੱਡੀ ਪੱਧਰ 'ਤੇ ਮੁਹਿੰਮ ਵਿੱਢੀ ਹੋਈ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਲੰਧਰ ਦੇ ਇੱਕ ਪਾਰਕ ਵਿੱਚ ਸਫ਼ਾਈ ਅਭਿਆਨ ਵਿੱਚ ਹਿੱਸਾ ਲੈਂਦਿਆਂ ਦੱਸਿਆ ਕਿ ਪੂਰੇ ਪੰਜਾਬ ਦੇ 620 ਮੰਡਲਾਂ ਵਿੱਚ 3,100 ਤੋਂ ਵੱਧ ਥਾਵਾਂ 'ਤੇ ਵਰਕਰਾਂ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ ਹੈ।


ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਇਤਿਹਾਸਕ ਹੋਵੇਗਾ, ਕਿਉਂਕਿ ਰੇਲਵੇ ਸਟੇਸ਼ਨਾਂ ਦੇ ਵਿਸ਼ਵ-ਪੱਧਰੀ ਵਿਕਾਸ ਸਣੇ ਟਰਾਂਸਪੋਰਟ ਦੇ ਇਹ ਪ੍ਰੋਜੈਕਟ ਸੂਬੇ ਦੀ ਤਕਦੀਰ ਬਦਲਣ ਵਿੱਚ ਅਹਿਮ ਸਾਬਤ ਹੋਣਗੇ। ਹੁਣ ਦੇਸ਼ ਭਰ ਦੀਆਂ ਨਜ਼ਰਾਂ ਕੱਲ੍ਹ ਹੋਣ ਵਾਲੇ ਇਸ ਵੱਕਾਰੀ ਦੌਰੇ ਅਤੇ ਪ੍ਰਧਾਨ ਮੰਤਰੀ ਦੇ ਸੰਬੋਧਨ 'ਤੇ ਟਿਕੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.