IMG-LOGO
ਹੋਮ ਪੰਜਾਬ: ਜਗਰਾਓਂ 'ਚ ਆਵਾਰਾ ਕੁੱਤਿਆਂ ਦਾ ਖ਼ੂਨੀ ਤਾਂਡਵ: ਖੇਤਾਂ 'ਚ ਇਕੱਲੇ...

ਜਗਰਾਓਂ 'ਚ ਆਵਾਰਾ ਕੁੱਤਿਆਂ ਦਾ ਖ਼ੂਨੀ ਤਾਂਡਵ: ਖੇਤਾਂ 'ਚ ਇਕੱਲੇ ਰਹਿੰਦੇ 80 ਸਾਲਾ ਸਾਬਕਾ ਸਰਪੰਚ ਨੂੰ ਨੋਚ-ਨੋਚ ਕੇ ਮਾਰਿਆ; 15 ਦਿਨਾਂ 'ਚ ਦੂਜੀ ਮੌਤ

Admin User - Jul 16, 2026 01:22 PM
IMG

ਜਗਰਾਓਂ: ਸਥਾਨਕ ਹਲਕੇ ਦੇ ਪਿੰਡ ਪੱਬੀਆਂ ਵਿੱਚ ਆਵਾਰਾ ਕੁੱਤਿਆਂ ਦੇ ਵਧਦੇ ਆਤੰਕ ਨੇ ਅੱਜ ਉਸ ਵੇਲੇ ਇੱਕ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ, ਜਦੋਂ ਕੁੱਤਿਆਂ ਦੇ ਇੱਕ ਹਿੰਸਕ ਝੁੰਡ ਨੇ ਪਿੰਡ ਦੇ ਸਾਬਕਾ ਸਰਪੰਚ 'ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ 80 ਸਾਲਾ ਬਜ਼ੁਰਗ ਆਗੂ ਜਗਦੀਸ਼ ਸਿੰਘ ਵਜੋਂ ਹੋਈ ਹੈ। ਇਸ ਰੂਹ ਕੰਬਾਊ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਜਿੱਥੇ ਮਾਤਮ ਪਸਰ ਗਿਆ ਹੈ, ਉੱਥੇ ਹੀ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਪਿੰਡ ਵਾਸੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ।


ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਜਗਦੀਸ਼ ਸਿੰਘ ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਬਣੀ ਕੋਠੀ 'ਚ ਇਕੱਲੇ ਰਹਿੰਦੇ ਸਨ। ਰੋਜ਼ਾਨਾ ਦੀ ਤਰ੍ਹਾਂ ਅੱਧੀ ਰਾਤ ਨੂੰ ਜਦੋਂ ਉਹ ਕਮਰੇ ਤੋਂ ਬਾਹਰ ਬਾਥਰੂਮ ਜਾਣ ਲਈ ਨਿਕਲੇ, ਤਾਂ ਘਾਤ ਲਾ ਕੇ ਬੈਠੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ਨੂੰ ਚਾਰੋਂ ਤਰਫ਼ੋਂ ਘੇਰ ਲਿਆ।


ਕੁੱਤਿਆਂ ਨੇ ਬਜ਼ੁਰਗ 'ਤੇ ਇੰਨਾ ਭਿਆਨਕ ਹਮਲਾ ਕੀਤਾ ਕਿ ਉਨ੍ਹਾਂ ਦੀਆਂ ਬਾਹਾਂ ਨੂੰ ਸਰੀਰ ਤੋਂ ਵੱਖ ਕਰ ਦਿੱਤਾ ਅਤੇ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚ ਲਿਆ। ਵਡੇਰੀ ਉਮਰ ਅਤੇ ਸਰੀਰਕ ਕਮਜ਼ੋਰੀ ਕਾਰਨ ਜਗਦੀਸ਼ ਸਿੰਘ ਆਪਣਾ ਬਚਾਅ ਕਰਨ ਵਿੱਚ ਅਸਮਰੱਥ ਰਹੇ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਦਾ ਖ਼ੁਲਾਸਾ ਸਵੇਰ ਵੇਲੇ ਹੋਇਆ।


ਪਿੰਡ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸੇ ਪਿੰਡ ਵਿੱਚ ਮਹਿਜ਼ 15 ਦਿਨ ਪਹਿਲਾਂ ਆਵਾਰਾ ਕੁੱਤਿਆਂ ਨੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਇਸੇ ਤਰ੍ਹਾਂ ਨੋਚ ਕੇ ਮਾਰ ਦਿੱਤਾ ਸੀ। ਦੋ ਹਫ਼ਤਿਆਂ ਦੇ ਅੰਦਰ ਲਗਾਤਾਰ ਹੋਈਆਂ ਦੋ ਮੌਤਾਂ ਕਾਰਨ ਪਿੰਡ ਵਿੱਚ ਇਸ ਕਦਰ ਦਹਿਸ਼ਤ ਹੈ ਕਿ ਲੋਕ ਹੁਣ ਦਿਨ ਢਲਦੇ ਹੀ ਆਪਣੇ ਘਰਾਂ ਅੰਦਰ ਕੈਦ ਹੋਣ ਲਈ ਮਜਬੂਰ ਹੋ ਗਏ ਹਨ ਅਤੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਤੋਂ ਵੀ ਡਰ ਰਹੇ ਹਨ।


ਇਸ ਖ਼ੂਨੀ ਘਟਨਾ ਤੋਂ ਬਾਅਦ 'ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ' ਨੇ ਮੋਰਚਾ ਸੰਭਾਲ ਲਿਆ ਹੈ। ਯੂਨੀਅਨ ਦੇ ਆਗੂਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਦੀ ਨਾਕਾਮੀ 'ਤੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਆਵਾਰਾ ਕੁੱਤੇ ਨਾ ਸਿਰਫ਼ ਇਨਸਾਨਾਂ ਸਗੋਂ ਪਾਲਤੂ ਪਸ਼ੂਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ, ਪਰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।


ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਤੁਰੰਤ ਕੋਈ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਕਾਬੂ ਨਾ ਕੀਤਾ ਅਤੇ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਾ ਕੱਢਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਜਨ-ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਦੋ ਕੀਮਤੀ ਜਾਨਾਂ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਅੱਖ ਖੁੱਲ੍ਹਦੀ ਹੈ ਜਾਂ ਲੋਕ ਇਸੇ ਤਰ੍ਹਾਂ ਖ਼ੌਫ਼ ਦੇ ਸਾਏ ਹੇਠ ਜਿਉਣ ਲਈ ਮਜਬੂਰ ਰਹਿਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.