ਤਾਜਾ ਖਬਰਾਂ
ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ (6th Schedule) ਵਿੱਚ ਸ਼ਾਮਲ ਕਰਨ ਅਤੇ ਵਾਤਾਵਰਣ ਦੀ ਰੱਖਿਆ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਪ੍ਰਸਿੱਧ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦਾ ਸੰਘਰਸ਼ ਹੁਣ ਕਾਫ਼ੀ ਨਾਜ਼ੁਕ ਮੋੜ 'ਤੇ ਪਹੁੰਚ ਗਿਆ ਹੈ। ਅੱਜ ਉਨ੍ਹਾਂ ਦੀ ਭੁੱਖ ਹੜਤਾਲ ਦਾ ਲਗਾਤਾਰ 19ਵਾਂ ਦਿਨ ਹੈ। ਲੰਬੇ ਸਮੇਂ ਤੋਂ ਅੰਨ-ਜਲ ਤਿਆਗਣ ਕਾਰਨ ਉਨ੍ਹਾਂ ਦੀ ਸਰੀਰਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਹੁਣ ਤੱਕ ਉਨ੍ਹਾਂ ਦਾ 9 ਕਿੱਲੋਗ੍ਰਾਮ ਤੋਂ ਵੱਧ ਭਾਰ ਘਟ ਚੁੱਕਾ ਹੈ। ਮੌਕੇ 'ਤੇ ਮੌਜੂਦ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਚੌਵੀ ਘੰਟੇ ਉਨ੍ਹਾਂ ਦੀ ਸਿਹਤ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਸੋਨਮ ਵਾਂਗਚੁਕ ਦੀ ਸਿਹਤ ਦਾ ਮੁਆਇਨਾ ਕਰ ਰਹੇ ਸੀਨੀਅਰ ਡਾਕਟਰ ਸਤੀਸ਼ ਲਾਂਬਾ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਗੰਭੀਰ ਚਿੰਤਾ ਪ੍ਰਗਟਾਈ ਹੈ।
ਡਾ. ਲਾਂਬਾ ਅਨੁਸਾਰ ਲਗਾਤਾਰ ਵਰਤ ਕਾਰਨ ਵਾਂਗਚੁਕ ਦੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਖ਼ਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ, ਜੋ ਕਿ ਕਿਸੇ ਵੀ ਵੇਲੇ ਉਨ੍ਹਾਂ ਦੀ ਜਾਨ ਲਈ ਘਾਤਕ ਸਾਬਤ ਹੋ ਸਕਦਾ ਹੈ।
ਡਾਕਟਰੀ ਟੀਮ ਵੱਲੋਂ ਉਨ੍ਹਾਂ ਨੂੰ ਤੁਰੰਤ ਵਰਤ ਖ਼ਤਮ ਕਰਨ ਦੀਆਂ ਕਈ ਅਪੀਲਾਂ ਕੀਤੀਆਂ ਗਈਆਂ ਹਨ, ਪਰ ਸ਼ਰੀਰਕ ਕਮਜ਼ੋਰੀ ਦੇ ਬਾਵਜੂਦ ਉਹ ਮਾਨਸਿਕ ਤੌਰ 'ਤੇ ਬੇਹੱਦ ਮਜ਼ਬੂਤ ਅਤੇ ਐਕਟਿਵ ਨਜ਼ਰ ਆ ਰਹੇ ਹਨ। ਡਾਕਟਰਾਂ ਦੀ ਟੀਮ ਜਲਦੀ ਹੀ ਉਨ੍ਹਾਂ ਦੀ ਸਿਹਤ ਦਾ ਦੁਬਾਰਾ ਮੁਲਾਂਕਣ ਕਰੇਗੀ।
ਵਿਗੜਦੀ ਸਿਹਤ ਦੇ ਦਰਮਿਆਨ ਸੋਨਮ ਵਾਂਗਚੁਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਵੀਡੀਓ ਵਿੱਚ ਉਨ੍ਹਾਂ ਕਿਹਾ, "ਮੇਰੀ ਸਰੀਰਕ ਹਾਲਤ ਬਹੁਤ ਵਧੀਆ ਤਾਂ ਨਹੀਂ ਹੈ, ਪਰ ਬਹੁਤ ਜ਼ਿਆਦਾ ਖ਼ਰਾਬ ਵੀ ਨਹੀਂ ਹੈ। ਡਾਕਟਰ ਅਤੇ ਹਮਦਰਦ ਮੈਨੂੰ ਲਗਾਤਾਰ ਵਰਤ ਤੋੜਨ ਦੀ ਸਲਾਹ ਦੇ ਰਹੇ ਹਨ, ਪਰ ਮੈਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਲੱਦਾਖ ਦੇ ਹੱਕਾਂ ਲਈ ਇਹ ਲੜਾਈ ਜਾਰੀ ਰੱਖਾਂਗਾ।"
ਵਾਂਗਚੁਕ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਮੇਰਾ ਵਰਤ ਖ਼ਤਮ ਕਰਵਾਉਣ ਦੀ ਚਿੰਤਾ ਨਾ ਕਰਨ, ਸਗੋਂ ਲੱਦਾਖ ਦੀ ਆਵਾਜ਼ ਬੁਲੰਦ ਕਰਨ ਲਈ ਆਉਂਦੀ 20 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਦੇਸ਼ ਦੀ ਸੰਸਦ ਵੱਲ ਕੀਤੇ ਜਾਣ ਵਾਲੇ ਸ਼ਾਂਤੀਪੂਰਨ ਮਾਰਚ ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਣ।
ਸੋਨਮ ਵਾਂਗਚੁਕ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਲੱਦਾਖ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਮੰਗਾਂ 'ਤੇ ਠੋਸ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਮਰਨ ਵਰਤ ਕਿਸੇ ਵੀ ਕੀਮਤ 'ਤੇ ਖ਼ਤਮ ਨਹੀਂ ਹੋਵੇਗਾ। ਲੱਦਾਖ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸਥਾਨਕ ਨਾਗਰਿਕਾਂ ਵੱਲੋਂ ਵੀ ਉਨ੍ਹਾਂ ਦੇ ਇਸ ਫ਼ੈਸਲੇ ਦਾ ਪੂਰਨ ਸਮਰਥਨ ਕੀਤਾ ਜਾ ਰਿਹਾ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਜੇਕਰ 20 ਜੁਲਾਈ ਤੱਕ ਸਰਕਾਰ ਨੇ ਕੋਈ ਵਿਚਕਾਰਲਾ ਰਸਤਾ ਨਾ ਕੱਢਿਆ, ਤਾਂ ਦਿੱਲੀ ਵਿੱਚ ਹੋਣ ਵਾਲਾ ਸੰਸਦ ਮਾਰਚ ਕੇਂਦਰ ਲਈ ਇੱਕ ਵੱਡੀ ਸਿਆਸੀ ਚੁਣੌਤੀ ਬਣ ਸਕਦਾ ਹੈ।
Get all latest content delivered to your email a few times a month.