ਤਾਜਾ ਖਬਰਾਂ
ਅਮਰੀਕਾ ਦੇ ਯੂਟਾਹ (Utah) ਸੂਬੇ ਤੋਂ ਇੱਕ ਬੇਹੱਦ ਖ਼ੌਫ਼ਨਾਕ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਾਪਿੰਗ ਮਾਲ ਦੇ ਅੰਦਰ ਨਫ਼ਰਤ ਨਾਲ ਅੰਨ੍ਹੇ ਹੋਏ ਗੋਰੇ ਹਮਲਾਵਰ ਨੇ ਇੱਕ ਭਾਰਤੀ ਮੁਸਲਿਮ ਵਿਅਕਤੀ 'ਤੇ ਚਾਕੂ ਨਾਲ 15 ਵਾਰ ਤਾਬੜਤੋੜ ਹਮਲਾ ਕਰ ਦਿੱਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, 48 ਸਾਲਾ ਸ਼ੱਕੀ ਹਮਲਾਵਰ ਪੀਟਰ ਮਾਈਕਲ ਲਾਰਸਨ ਨੂੰ ਪੁਲਿਸ ਨੇ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਪੁਲਿਸ ਹਿਰਾਸਤ ਵਿੱਚ ਬੇਸ਼ਰਮੀ ਨਾਲ ਕਬੂਲ ਕੀਤਾ ਹੈ ਕਿ ਉਸ ਨੇ ਪੀੜਤ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ ਅਤੇ ਉਹ ਮਾਲ ਵਿੱਚ ਮੁਸਲਮਾਨਾਂ ਦਾ ਕਤਲ ਕਰਨ ਦੇ ਇਰਾਦੇ ਨਾਲ ਹੀ ਆਇਆ ਸੀ।
ਪੁਲਿਸ ਦੇ ਹਲਫ਼ਨਾਮੇ ਅਤੇ ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ, ਇਹ ਵਾਰਦਾਤ ਸੋਮਵਾਰ ਨੂੰ ਵੈਸਟ ਵੈਲੀ ਸਿਟੀ ਦੇ ਪ੍ਰਸਿੱਧ 'ਵੈਲੀ ਫੇਅਰ ਮਾਲ' ਵਿੱਚ ਵਾਪਰੀ। ਪੀੜਤ ਭਾਰਤੀ ਨੌਜਵਾਨ, ਜਿਸਦੀ ਪਛਾਣ ਸੋਹੇਲ ਵਜੋਂ ਹੋਈ ਹੈ, ਮਾਲ ਦੇ ਅੰਦਰ ਇੱਕ ਕਿਓਸਕ (Kiosk) 'ਤੇ ਕੰਮ ਕਰ ਰਿਹਾ ਸੀ।
ਘਟਨਾ ਦੀ ਚਸ਼ਮਦੀਦ ਅਤੇ ਨੇੜਲੀ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੂਨਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹਮਲਾਵਰ ਲਾਰਸਨ ਸਿੱਧਾ ਸੋਹੇਲ ਕੋਲ ਗਿਆ ਅਤੇ ਉਸ ਤੋਂ ਪੁੱਛਿਆ, "ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?" ਸੋਹੇਲ ਨੇ ਨਿਮਰਤਾ ਨਾਲ ਜਵਾਬ ਦਿੱਤਾ, "ਮੈਂ ਭਾਰਤ ਤੋਂ ਹਾਂ।" ਇਸ ਤੋਂ ਤੁਰੰਤ ਬਾਅਦ ਲਾਰਸਨ ਨੇ ਦੂਜਾ ਸਵਾਲ ਦਾਗਿਆ, "ਕੀ ਤੁਸੀਂ ਮੁਸਲਮਾਨ ਹੋ?" ਜਿਵੇਂ ਹੀ ਸੋਹੇਲ ਨੇ "ਹਾਂ" ਕਿਹਾ, ਲਾਰਸਨ ਨੇ ਬਿਨਾਂ ਇੱਕ ਪਲ ਗੁਆਏ ਆਪਣੇ ਕੋਲ ਰੱਖੇ ਖ਼ਤਰਨਾਕ ਚਾਕੂ ਨਾਲ ਉਸ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।
ਅਦਾਲਤੀ ਰਿਕਾਰਡ ਦੱਸਦਾ ਹੈ ਕਿ ਜਦੋਂ ਸੁਰੱਖਿਆ ਕਰਮੀ ਅਤੇ ਪੁਲਿਸ ਮੌਕੇ 'ਤੇ ਪਹੁੰਚੇ, ਤਾਂ ਸੋਹੇਲ ਦੇ ਸ਼ਰੀਰ 'ਤੇ ਚਾਕੂ ਦੇ 15 ਡੂੰਘੇ ਜ਼ਖ਼ਮ ਸਨ ਅਤੇ ਬਹੁਤ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਇਸ ਖ਼ੂਨੀ ਖੇਡ ਨੂੰ ਦੇਖ ਕੇ ਮਾਲ ਵਿੱਚ ਮੌਜੂਦ ਰਾਹਗੀਰਾਂ ਨੇ ਅਦਭੁਤ ਬਹਾਦਰੀ ਦਿਖਾਈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਹਮਲਾਵਰ ਲਾਰਸਨ ਨੂੰ ਚਾਰੋਂ ਤਰਫ਼ੋਂ ਘੇਰ ਕੇ ਜ਼ਮੀਨ 'ਤੇ ਸੁੱਟ ਲਿਆ ਅਤੇ ਉਸ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਕਾਬੂ ਕਰਦੇ ਸਮੇਂ ਹਮਲਾਵਰ ਨੂੰ ਵੀ ਕੁਝ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਵੈਸਟ ਵੈਲੀ ਸਿਟੀ ਪੁਲਿਸ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਸੋਚਿਆ-ਸਮਝਿਆ 'ਟਾਰਗੇਟ ਹਮਲਾ' (Targeted Attack) ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਸ਼ੱਕੀ ਲਾਰਸਨ ਆਪਣੇ ਕੱਟੜਪੰਥੀ ਵਿਚਾਰਾਂ ਅਤੇ ਵੱਡੇ ਪੱਧਰ 'ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਮਾਨਸਿਕਤਾ ਕਾਰਨ ਆਮ ਜਨਤਾ ਲਈ ਇੱਕ ਬੇਹੱਦ ਗੰਭੀਰ ਖ਼ਤਰਾ ਹੈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਨੂੰ ਬਿਨਾਂ ਜ਼ਮਾਨਤ 'ਕਤਲ ਦੀ ਕੋਸ਼ਿਸ਼' (Attempt to Murder) ਅਤੇ ਇੱਕ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਸੰਗੀਨ ਇਲਜ਼ਾਮਾਂ ਤਹਿਤ ਸਿੱਧਾ ਜੇਲ੍ਹ ਭੇਜ ਦਿੱਤਾ ਹੈ। ਅਮਰੀਕਾ ਵਿਚਲੇ ਭਾਰਤੀ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
Get all latest content delivered to your email a few times a month.