ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਵਿਖੇ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨ ਪਹੁੰਚੇ। ਰੈਲੀ ਦੌਰਾਨ CM ਮਾਨ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਤਿੱਖੇ ਨਿਸ਼ਾਨੇ 'ਤੇ ਲਿਆ। ਬੇਅਦਬੀ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਘੇਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਅੱਜ ਨਵੇਂ ਬੇਅਦਬੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਹ ਪਹਿਲਾਂ ਇਹ ਜਵਾਬ ਦੇਣ ਕਿ ਪੰਜ ਵਾਰ ਸੂਬੇ ਦੀ ਸੱਤਾ ਸੰਭਾਲਣ ਦੇ ਬਾਵਜੂਦ ਬਾਦਲ ਪਰਿਵਾਰ ਨੇ ਅਜਿਹਾ ਸਖ਼ਤ ਕਾਨੂੰਨ ਕਿਉਂ ਨਹੀਂ ਬਣਾਇਆ? ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਕਾਂਗਰਸ ਨੇ ਵੀ ਰਾਜ ਕੀਤਾ, ਪਰ ਸਾਰਿਆਂ ਨੇ ਦੋਸ਼ੀਆਂ ਨੂੰ ਬਚਣ ਦਾ ਰਸਤਾ ਦਿੱਤਾ। ਹੁਣ ਸਾਡੀ ਸਰਕਾਰ ਵੱਲੋਂ ਬਣਾਏ ਕਾਨੂੰਨ ਤਹਿਤ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਿੱਧੀ ਉਮਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ।
ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਸਿੱਧਾ ਵਾਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਲੋਕਾਂ ਦੀ ਸੱਤਾ ਦਾ ਸੁਖ ਮਾਨਣ ਦੀ ਨਹੀਂ, ਸਗੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਦੀ ਵਾਰੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਅਕਾਲੀ ਦਲ ਦੀ ਆਪਣੀ ਸਰਕਾਰ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਿਲੀਭੁਗਤ ਕਰਕੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਦਬਾਈ ਰੱਖਿਆ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਕੇ ਹੀ ਦਮ ਲਵੇਗੀ।
ਕਾਂਗਰਸ ਅੰਦਰ ਚੱਲ ਰਹੀ ਧੜੇਬਾਜ਼ੀ ਦਾ ਮਜ਼ਾਕ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਿੱਚ ਕਿਸੇ ਵੀ ਨੇਤਾ ਦੀ ਆਪਸ ਵਿੱਚ ਨਹੀਂ ਬਣਦੀ।
CM ਮਾਨ ਦਾ ਫ਼ਿਲਮੀ ਅੰਦਾਜ਼:
"ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਇੱਕੋ ਬੱਸ ਵਿੱਚ ਬਿਠਾ ਕੇ ਦੌਰਾ ਕਰਵਾਉਣਗੇ। ਇਹ ਲੋਕ ਬੱਸ ਵਿੱਚ ਚੜ੍ਹਨਗੇ ਤਾਂ ਇਕੱਠੇ, ਪਰ ਲੜ-ਭਿੜ ਕੇ ਹੀ ਉਤਰਨਗੇ। ਕਿਸੇ ਦੀ ਪੱਗ ਲੱਥੀ ਹੋਵੇਗੀ ਤੇ ਕਿਸੇ ਦਾ ਮੱਥਾ ਫੁੱਟਿਆ ਹੋਵੇਗਾ। ਇਸ ਲਈ ਇਨ੍ਹਾਂ ਦੀ ਬੱਸ ਵਿੱਚ ਸਵਾਰੀਆਂ ਦੇ ਨਾਲ-ਨਾਲ ਦੋ-ਚਾਰ ਬੰਦੇ ਲੜਾਈ ਛੁਡਾਉਣ ਲਈ ਵੀ ਜ਼ਰੂਰ ਬਿਠਾਉਣੇ ਪੈਣਗੇ।"
ਮਾਨ ਨੇ ਦਾਅਵਾ ਕੀਤਾ ਕਿ ਜੇਕਰ ਵਿਰੋਧੀ ਧਿਰਾਂ ਕਦੇ ਸੱਤਾ ਵਿੱਚ ਆਈਆਂ ਤਾਂ ਉਹ ਪੰਜਾਬੀਆਂ ਨੂੰ ਮਿਲ ਰਹੀਆਂ ਸਾਰੀਆਂ ਮੁਫ਼ਤ ਸਹੂਲਤਾਂ ਬੰਦ ਕਰ ਦੇਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 'ਆਪ' ਨੂੰ ਇੰਨਾ ਵੱਡਾ ਬਹੁਮਤ ਦਿਓ ਕਿ ਵਿਰੋਧੀਆਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਹੀ ਖ਼ਤਮ ਹੋ ਜਾਣ।
ਮੁੱਖ ਮੰਤਰੀ ਨੇ ਸਰਕਾਰ ਦੀ ਪ੍ਰਮੁੱਖ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਬਾਰੇ ਵੱਡਾ ਅਪਡੇਟ ਦਿੰਦਿਆਂ ਕਿਹਾ ਕਿ ਆਉਂਦੀ 1 ਅਗਸਤ ਨੂੰ ਔਰਤਾਂ ਦੇ ਮੋਬਾਈਲਾਂ 'ਤੇ ਮੁੜ ਤੋਂ ਮੈਸੇਜ ਦੀ 'ਟੂੰ-ਟੂੰ' ਹੋਵੇਗੀ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ 3 ਮਹੀਨਿਆਂ ਦੀ ਇਕੱਠੀ ਕਿਸ਼ਤ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਹੀ 32 ਲੱਖ ਮਾਵਾਂ-ਭੈਣਾਂ ਨੂੰ ਇਸ ਸਕੀਮ ਦਾ ਲਾਭ ਮਿਲਿਆ ਹੈ ਅਤੇ ਜਦੋਂ ਤੱਕ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਜਨ-ਕਲਿਆਣਕਾਰੀ ਯੋਜਨਾ ਨਿਰੰਤਰ ਚੱਲਦੀ ਰਹੇਗੀ।
ਇਲਾਕੇ ਦੇ ਵਿਕਾਸ ਦਾ ਵਾਅਦਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਥਾਨਕ ਪੱਧਰ 'ਤੇ ਜ਼ਮੀਨ ਉਪਲਬਧ ਕਰਵਾਈ ਜਾਂਦੀ ਹੈ, ਤਾਂ ਸਰਕਾਰ ਮੁਕੇਰੀਆਂ ਵਿੱਚ ਹਰ ਤਰ੍ਹਾਂ ਦੀਆਂ ਮਾਡਰਨ ਸਹੂਲਤਾਂ ਨਾਲ ਲੈਸ ਇੱਕ ਸ਼ਾਨਦਾਰ ਸਰਕਾਰੀ ਕਾਲਜ ਸਥਾਪਿਤ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਮੁਕੇਰੀਆਂ ਅਤੇ ਹਾਜੀਪੁਰ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲ ਕੇ ਉਨ੍ਹਾਂ ਨੂੰ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਨਾਲ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਲਾਜ ਲਈ ਦੂਰ ਨਾ ਜਾਣਾ ਪਵੇ।
Get all latest content delivered to your email a few times a month.