IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਇੰਗਲੈਂਡ 'ਚ ਤਰਨਤਾਰਨ ਦੀ ਧੀ ਦਾ ਬੇਰਹਿਮੀ ਨਾਲ ਕਤਲ: ਸੌਂ...

ਇੰਗਲੈਂਡ 'ਚ ਤਰਨਤਾਰਨ ਦੀ ਧੀ ਦਾ ਬੇਰਹਿਮੀ ਨਾਲ ਕਤਲ: ਸੌਂ ਰਹੀ ਕੁੜੀ ਦੇ ਢਿੱਡ 'ਚ ਗੋਰੇ ਨੇ ਮਾਰੇ 5 ਚਾਕੂ; ਹਮਲਾਵਰ ਦੀ ਵੀਡੀਓ ਆਈ ਸਾਹਮਣੇ

Admin User - Jul 15, 2026 12:40 PM
IMG

ਵਿਦੇਸ਼ੀ ਧਰਤੀ 'ਤੇ ਸੁਖਾਵੇਂ ਭਵਿੱਖ ਦੀ ਆਸ ਲੈ ਕੇ ਗਈ ਪੰਜਾਬ ਦੀ ਇੱਕ ਹੋਰ ਧੀ ਨਫ਼ਰਤ ਜਾਂ ਅੰਨ੍ਹੇ ਤਸ਼ੱਦਦ ਦੀ ਭੇਟ ਚੜ੍ਹ ਗਈ ਹੈ। ਯੂਕੇ (UK) ਵਿੱਚ ਰਹਿ ਰਹੀ ਤਰਨਤਾਰਨ ਦੇ ਪਿੰਡ ਪਿੱਦੀ ਦੀ  ਰਹਿਣ ਵਾਲੀ ਕਿਰਨਦੀਪ ਕੌਰ ਦਾ ਇੱਕ ਗੋਰੇ ਸਿਰਫ਼ਿਰੇ ਵੱਲੋਂ ਘਰ ਅੰਦਰ ਦਾਖ਼ਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲਾਵਰ ਨੇ ਬੇਹੱਦ ਖ਼ੌਫ਼ਨਾਕ ਤਰੀਕੇ ਨਾਲ ਕਿਰਨਦੀਪ ਦੇ ਢਿੱਡ ਵਿੱਚ ਇੱਕ ਤੋਂ ਬਾਅਦ ਇੱਕ 5 ਵਾਰ ਚਾਕੂ ਘੋਪ ਦਿੱਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਦੀ ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਹਮਲਾਵਰ ਦੀ ਇੱਕ ਸੀਸੀਟੀਵੀ (CCTV) ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹੱਥ ਵਿੱਚ ਚਾਕੂ ਫੜ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਘਰ ਦੇ ਬਾਹਰ ਲੱਗੇ ਗੇਟ ਕੈਮਰੇ ਵਿੱਚ ਕੈਦ ਹੋਈ ਹੈ।


ਮਿਲੀ ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਲਗਭਗ ਦੋ ਸਾਲ ਪਹਿਲਾਂ ਉੱਚ ਸਿੱਖਿਆ ਹਾਸਲ ਕਰਨ ਲਈ ਸਟੂਡੈਂਟ ਵੀਜ਼ੇ 'ਤੇ ਇੰਗਲੈਂਡ ਗਈ ਸੀ। ਆਪਣੀ ਪੜ੍ਹਾਈ ਸਫ਼ਲਤਾਪੂਰਵਕ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਉੱਥੇ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਉੱਥੇ ਕੰਮ ਕਰ ਰਹੀ ਸੀ। ਮਾਪਿਆਂ ਨੇ ਆਪਣੀ ਲਾਡਲੀ ਦੇ ਸੁਪਨਿਆਂ ਨੂੰ ਖੰਭ ਲਗਾਉਣ ਅਤੇ ਉਸ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਧੀ ਪੜ੍ਹ-ਲਿਖ ਕੇ ਉਨ੍ਹਾਂ ਦਾ ਨਾਂ ਰੌਸ਼ਨ ਕਰੇਗੀ, ਪਰ ਇਸ ਖ਼ੌਫ਼ਨਾਕ ਵਾਰਦਾਤ ਨੇ ਹੱਸਦਾ-ਖੇਡਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ।


ਪਰਿਵਾਰਕ ਮੈਂਬਰਾਂ ਮੁਤਾਬਕ ਇਹ ਵਾਰਦਾਤ ਐਤਵਾਰ ਸਵੇਰੇ ਵਾਪਰੀ। ਕਿਰਨਦੀਪ ਉਸ ਵੇਲੇ ਆਪਣੇ ਕਮਰੇ ਵਿੱਚ ਸੌਂ ਰਹੀ ਸੀ, ਜਦੋਂ ਇੱਕ ਅਣਪਛਾਤਾ ਗੋਰਾ ਹਮਲਾਵਰ ਜ਼ਬਰਦਸਤੀ ਘਰ ਦੇ ਅੰਦਰ ਦਾਖ਼ਲ ਹੋ ਗਿਆ। ਉਸ ਨੇ ਸੁੱਤੀ ਪਈ ਕਿਰਨਦੀਪ 'ਤੇ ਤੇਜ਼ਧਾਰ ਹਥਿਆਰ ਨਾਲ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ। ਅਚਾਨਕ ਹੋਏ ਇਸ ਭਿਆਨਕ ਹਮਲੇ ਕਾਰਨ ਕਿਰਨਦੀਪ ਨੂੰ ਖ਼ੁਦ ਨੂੰ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਵੱਧ ਖ਼ੂਨ ਵਹਿ ਜਾਣ ਕਾਰਨ ਉਸ ਨੇ ਕਮਰੇ ਵਿੱਚ ਹੀ ਦਮ ਤੋੜ ਦਿੱਤਾ।


ਸੂਚਨਾ ਮਿਲਣ 'ਤੇ ਬ੍ਰਿਟਿਸ਼ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਕਤਲ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।


ਧੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਜੱਦੀ ਪਿੰਡ ਪਿੱਦੀ ਵਿੱਚ ਚੀਕ-ਚਿਹਾਰਾ ਮੱਚਿਆ ਹੋਇਆ ਹੈ। ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਂ ਬਲਜੀਤ ਕੌਰ ਨੇ ਭਰੇ ਮਨ ਨਾਲ ਭਾਰਤ ਸਰਕਾਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ:


ਬਜ਼ੁਰਗ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਪਰਿਵਾਰ ਦੇ ਨਾਲ-ਨਾਲ ਸਮੂਹ ਪਿੰਡ ਵਾਸੀਆਂ ਨੇ ਬ੍ਰਿਟਿਸ਼ ਪ੍ਰਸ਼ਾਸਨ ਤੋਂ ਕਾਤਲ ਦੀ ਜਲਦੀ ਗ੍ਰਿਫ਼ਤਾਰੀ ਅਤੇ ਪੀੜਤ ਪਰਿਵਾਰ ਲਈ ਸਖ਼ਤ ਇਨਸਾਫ਼ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.