IMG-LOGO
ਹੋਮ ਪੰਜਾਬ: ਪੰਜਾਬ ਕਾਂਗਰਸ 'ਚ ਵਰ੍ਹੇ ਭਰ ਦੀ ਜੰਗ: ਚੰਨੀ ਦੀ 'ਸ਼ਕਤੀ...

ਪੰਜਾਬ ਕਾਂਗਰਸ 'ਚ ਵਰ੍ਹੇ ਭਰ ਦੀ ਜੰਗ: ਚੰਨੀ ਦੀ 'ਸ਼ਕਤੀ ਪ੍ਰਦਰਸ਼ਨ' ਨੀਤੀ ਅੱਗੇ ਨਹੀਂ ਝੁਕੀ ਹਾਈਕਮਾਨ; ਵੜਿੰਗ 'ਤੇ ਭਰੋਸਾ ਕਾਇਮ ਰੱਖਣ ਦੇ ਜਾਣੋ ਵੱਡੇ ਕਾਰਨ

Admin User - Jul 15, 2026 11:17 AM
IMG

ਪੰਜਾਬ ਕਾਂਗਰਸ ਦੇ ਅੰਦਰੂਨੀ ਖਹਿਬੇੜ ਨੇ ਸੂਬੇ ਦੇ ਸਿਆਸੀ ਪਾਰੇ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਦੇ ਸੂਬਾ ਪ੍ਰਭਾਰੀ ਭੂਪੇਸ਼ ਬਘੇਲ ਦੇ ਸਾਹਮਣੇ 3 ਸੰਸਦ ਮੈਂਬਰਾਂ, 9 ਵਿਧਾਇਕਾਂ ਅਤੇ ਚੋਣ ਹਾਰੇ-ਜਿੱਤੇ 92 ਆਗੂਆਂ ਦੀ 'ਪਰੇਡ' ਕਰਵਾਉਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਬਾਗੀ ਸੁਰਾਂ ਅੱਗੇ ਝੁਕਣ ਲਈ ਤਿਆਰ ਨਹੀਂ ਜਾਪਦੀ। ਚੰਨੀ ਧੜੇ ਵੱਲੋਂ ਕੀਤੀਆਂ ਗਈਆਂ ਲਗਾਤਾਰ ਮੀਟਿੰਗਾਂ ਅਤੇ ਹੁਣ ਜਾਲੰਧਰ ਵਿੱਚ ਯੂਥ ਕਾਂਗਰਸ ਦੇ ਆਗੂਆਂ ਦੇ ਕੀਤੇ ਇਕੱਠ ਤੋਂ ਬਾਅਦ ਵੀ ਦਿੱਲੀ ਦਰਬਾਰ ਇਸ ਬਗ਼ਾਵਤ ਨੂੰ ਬਹੁਤੀ ਤਰਜੀਹ ਦਿੰਦਾ ਨਜ਼ਰ ਨਹੀਂ ਆ ਰਿਹਾ।


ਸੂਤਰਾਂ ਅਨੁਸਾਰ, ਹਾਈਕਮਾਨ ਦੇ ਇਸ ਰਵੱਈਏ ਪਿੱਛੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਉਸ ਤੋਂ ਬਾਅਦ ਦਾ ਘਟਨਾਕ੍ਰਮ ਸਭ ਤੋਂ ਵੱਡਾ ਕਾਰਨ ਹੈ।


ਦੋਵਾਂ ਸੀਟਾਂ ਤੋਂ ਹਾਰ ਅਤੇ ਵਿਦੇਸ਼ ਰਵਾਨਗੀ: 2022 ਵਿੱਚ ਚੰਨੀ ਦੀ ਅਗਵਾਈ ਹੇਠ ਕਾਂਗਰਸ ਨਾ ਸਿਰਫ਼ ਚੋਣਾਂ ਬੁਰੀ ਤਰ੍ਹਾਂ ਹਾਰੀ, ਸਗੋਂ ਚੰਨੀ ਖ਼ੁਦ ਵੀ ਆਪਣੀਆਂ ਦੋਵੇਂ ਸੀਟਾਂ ਬਚਾਉਣ ਵਿੱਚ ਨਾਕਾਮ ਰਹੇ। ਹਾਰ ਤੋਂ ਤੁਰੰਤ ਬਾਅਦ ਸੰਗਠਨ ਨੂੰ ਮੁਸ਼ਕਲ ਦੌਰ ਵਿੱਚ ਛੱਡ ਕੇ ਉਹ ਕਰੀਬ 9 ਮਹੀਨਿਆਂ ਲਈ ਵਿਦੇਸ਼ ਚਲੇ ਗਏ ਸਨ।


ਹਾਈਕਮਾਨ ਦਾ ਸਖ਼ਤ ਸੰਦੇਸ਼: ਕਾਂਗਰਸ ਲੀਡਰਸ਼ਿਪ ਇਹ ਸੰਦੇਸ਼ ਬਿਲਕੁਲ ਨਹੀਂ ਦੇਣਾ ਚਾਹੁੰਦੀ ਕਿ ਮੁਸ਼ਕਲ ਸਮੇਂ ਪਾਰਟੀ ਨੂੰ ਇਕੱਲਾ ਛੱਡਣ ਵਾਲਿਆਂ ਨੂੰ ਸਿਰਫ਼ ਚੋਣਾਂ ਨੇੜੇ ਆਉਣ 'ਤੇ ਲੀਡਰਸ਼ਿਪ ਸੌਂਪ ਦਿੱਤੀ ਜਾਵੇ ਅਤੇ ਸੰਕਟ ਵੇਲੇ ਪਾਰਟੀ ਨਾਲ ਖੜ੍ਹਨ ਵਾਲਿਆਂ ਨੂੰ ਅਣਗੌਲਿਆ ਕਰ ਦਿੱਤਾ ਜਾਵੇ।


ਜਦੋਂ ਸਾਲ 2022 ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਹੂੰਝਾ ਫੇਰਿਆ ਸੀ, ਉਦੋਂ ਮਾਲਵਾ ਦੇ ਵੱਡੇ ਕਿਲ੍ਹੇ ਢਹਿ ਗਏ ਸਨ। ਉਸ ਭਿਆਨਕ ਦੌਰ ਵਿੱਚ ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਜਿੱਤ ਦਰਜ ਕਰਕੇ ਆਪਣੀ ਲੋਹੇ ਵਰਗੀ ਹੋਂਦ ਸਾਬਤ ਕੀਤੀ ਸੀ।


ਜਦੋਂ ਪਾਰਟੀ ਪੰਜ ਸਾਲਾਂ ਲਈ ਸੱਤਾ ਤੋਂ ਬਾਹਰ ਹੋਈ ਤਾਂ ਕੋਈ ਵੀ ਵੱਡਾ ਨੇਤਾ ਸੰਗਠਨ ਦੀ ਕਮਾਨ ਫੜਨ ਲਈ ਤਿਆਰ ਨਹੀਂ ਸੀ। ਅਜਿਹੇ ਸਮੇਂ ਰਾਜਾ ਵੜਿੰਗ ਨੇ ਅੱਗੇ ਹੋ ਕੇ ਜ਼ਿੰਮੇਵਾਰੀ ਲਈ ਅਤੇ ਲੰਘੇ ਸਾਢੇ ਚਾਰ ਸਾਲਾਂ ਤੋਂ ਸੂਬੇ ਵਿੱਚ ਕਾਂਗਰਸ ਦਾ ਵਜੂਦ ਬਚਾ ਕੇ ਰੱਖਿਆ। ਹੁਣ ਜਦੋਂ ਚੋਣਾਂ ਵਿੱਚ ਸਿਰਫ਼ 8 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ, ਤਾਂ ਸਾਰੇ ਸੀਨੀਅਰ ਲੀਡਰ ਵੜਿੰਗ ਨੂੰ ਹਟਾਉਣ 'ਤੇ ਅੜ ਗਏ ਹਨ, ਜਿਸ ਨੂੰ ਹਾਈਕਮਾਨ ਗ਼ਲਤ ਮੰਨ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ 23 ਜ਼ਿਲ੍ਹਾ ਪ੍ਰਧਾਨਾਂ ਦਾ ਸਮਰਥਨ ਵੀ ਵੜਿੰਗ ਦੇ ਪੱਖ ਵਿੱਚ ਖੜ੍ਹਾ ਹੈ।


ਪੰਜਾਬ ਦੌਰੇ ਤੋਂ ਬਾਅਦ ਪ੍ਰਭਾਰੀ ਭੂਪੇਸ਼ ਬਘੇਲ ਨੇ ਜੋ ਰਿਪੋਰਟ ਤਿਆਰ ਕੀਤੀ ਹੈ, ਉਹ ਵੀ ਵੜਿੰਗ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ। ਰਿਪੋਰਟ ਮੁਤਾਬਕ ਜਿੱਥੇ ਚੰਨੀ ਧੜਾ ਹਮਲਾਵਰ ਹੈ, ਉੱਥੇ ਹੀ ਵੜਿੰਗ ਅਜੇ ਵੀ ਸੰਜਮ ਦਿਖਾਉਂਦੇ ਹੋਏ ਚੰਨੀ ਅਤੇ ਰੰਧਾਵਾ ਨੂੰ ਸੀਨੀਅਰ ਲੀਡਰ ਦੱਸ ਕੇ ਇੱਕਜੁੱਟਤਾ ਦਾ ਰਾਗ ਅਲਾਪ ਰਹੇ ਹਨ।


ਇਸ ਕਲੇਸ਼ ਨੂੰ ਨਜਿੱਠਣ ਲਈ ਅੱਜ ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੂਬਾ ਪ੍ਰਭਾਰੀ ਭੂਪੇਸ਼ ਬਘੇਲ ਨਾਲ ਅਹਿਮ ਬੈਠਕ ਕਰ ਸਕਦੇ ਹਨ। ਦੂਜੇ ਪਾਸੇ, ਬਘੇਲ ਦੀ ਰਿਪੋਰਟ ਨੂੰ ਇਕਤਰਫ਼ਾ ਮੰਨਦੇ ਹੋਏ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਹੁਣ ਸਿੱਧੇ ਤੌਰ 'ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਣ ਲਈ ਦਿੱਲੀ ਦੇ ਚੋਟੀ ਦੇ ਆਗੂਆਂ ਰਾਹੀਂ ਮੀਟਿੰਗ ਤੈਅ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.