ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਹੁਣ ਇੱਕ ਨਵਾਂ ਅਤੇ ਬੇਹੱਦ ਨਾਜ਼ੁਕ ਮੋੜ ਲੈ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਦਲ ਦੇ ਮੌਜੂਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਦਿੱਲੀ ਵਿੱਚ ਲੰਘੇ ਕੱਲ੍ਹ (14 ਜੁਲਾਈ) ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਚਾਲੇ ਹੋਈ ਅਹਿਮ ਬੈਠਕ ਤੋਂ ਬਾਅਦ, ਅੱਜ ਬੁੱਧਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਅਚਾਨਕ ਦਿੱਲੀ ਸੱਦਿਆ ਗਿਆ। ਬਾਜਵਾ ਨੇ ਦਿੱਲੀ ਪਹੁੰਚਦਿਆਂ ਹੀ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਹੈ, ਜਿਸ ਤੋਂ ਬਾਅਦ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ।
ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਚੱਲ ਰਹੀ ਇਸ ਤਿੱਖੀ ਜੰਗ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਬੇਹੱਦ ਸਿਆਣਪ ਦਿਖਾਉਂਦੇ ਹੋਏ ਖ਼ੁਦ ਨੂੰ ਨਿਊਟ੍ਰਲ (ਨਿਰਪੱਖ) ਰੱਖਿਆ ਹੈ। ਜਦੋਂ ਸੂਬਾ ਪ੍ਰਭਾਰੀ ਭੂਪੇਸ਼ ਬਘੇਲ ਪੰਜਾਬ ਆਏ, ਤਾਂ ਬਾਜਵਾ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨਾਲ ਵੀ ਖੜ੍ਹੇ ਦਿਖਾਈ ਦਿੱਤੇ ਅਤੇ ਬਾਗੀ ਚੰਨੀ ਧੜੇ ਦੀਆਂ ਬੈਠਕਾਂ ਵਿੱਚ ਵੀ ਸ਼ਾਮਲ ਹੋਏ। ਕਿਸੇ ਵੀ ਇੱਕ ਗੁੱਟ ਦਾ ਹਿੱਸਾ ਨਾ ਬਣਨ ਦੇ ਇਸੇ ਨਿਰਪੱਖ ਰਵੱਈਏ ਨੇ ਹਾਈਕਮਾਨ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਕੱਦ ਹੋਰ ਉੱਚਾ ਕਰ ਦਿੱਤਾ ਹੈ।
ਦੂਜਾ ਵੱਡਾ ਕਾਰਨ ਇਤਿਹਾਸਕ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਾਈਕਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਤੋਂ ਹਟਾ ਕੇ ਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਸੀ, ਜੋ ਬਾਅਦ ਵਿੱਚ ਮੁੱਖ ਮੰਤਰੀ ਬਣੇ। ਬਾਜਵਾ ਦਾ ਹਮੇਸ਼ਾ ਇਹ ਗਿਲਾ ਰਿਹਾ ਹੈ ਕਿ "ਫ਼ਸਲ ਉਹ ਬੀਜਦੇ ਹਨ ਪਰ ਵੱਢ ਕੋਈ ਹੋਰ ਲੈ ਜਾਂਦਾ ਹੈ।" ਹੁਣ ਹਾਈਕਮਾਨ ਬਾਜਵਾ ਨੂੰ ਪ੍ਰਧਾਨਗੀ ਸੌਂਪ ਕੇ ਉਨ੍ਹਾਂ ਦਾ ਇਹ ਪੁਰਾਣਾ ਸ਼ਿਕਵਾ ਹਮੇਸ਼ਾ ਲਈ ਦੂਰ ਕਰਨ ਦੇ ਰੌਂਦ ਵਿੱਚ ਹੈ।
ਇਸ ਸਾਰੇ ਘਟਨਾਕ੍ਰਮ ਵਿਚਾਲੇ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਨੂੰ ਵੀ ਅੱਜ ਅਚਾਨਕ ਰਾਏਪੁਰ ਤੋਂ ਦਿੱਲੀ ਤਲਬ ਕਰ ਲਿਆ ਗਿਆ ਹੈ, ਜਿੱਥੇ ਹਾਈਕਮਾਨ ਨਾਲ ਉਨ੍ਹਾਂ ਦੀ ਉੱਚ ਪੱਧਰੀ ਮੀਟਿੰਗ ਜਾਰੀ ਹੈ।
ਦਿੱਲੀ ਦੇ ਸੂਤਰਾਂ ਮੁਤਾਬਕ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਈਕਮਾਨ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦੀ ਬਜ਼ਿੱਦ 'ਤੇ ਅੜੇ ਚਰਨਜੀਤ ਸਿੰਘ ਚੰਨੀ ਦੇ ਬਾਗੀ ਧੜੇ ਨੂੰ ਹਾਈਕਮਾਨ ਬਾਜਵਾ ਦੇ ਨਾਂ 'ਤੇ ਮੋਹਰ ਲਗਾ ਕੇ ਬਹੁਤ ਵੱਡਾ ਸਿਆਸੀ ਝਟਕਾ ਦੇਣ ਦੀ ਤਿਆਰੀ ਕਰ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਦਿੱਲੀ ਤੋਂ ਕੀ ਅਧਿਕਾਰਤ ਐਲਾਨ ਹੁੰਦਾ ਹੈ।
Get all latest content delivered to your email a few times a month.