ਤਾਜਾ ਖਬਰਾਂ
ਰਾਸ਼ਟਰੀ ਰਾਜਮਾਰਗਾਂ 'ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਅਤੇ ਹਰਿਆਣਾ ਦੇ ਅੱਠ ਅਹਿਮ ਟੋਲ ਪਲਾਜ਼ਿਆਂ 'ਤੇ ਟੋਲ ਟੈਕਸ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਂਆਂ ਸੋਧੀਆਂ ਹੋਈਆਂ ਦਰਾਂ ਮੰਗਲਵਾਰ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਚੁੱਕੀਆਂ ਹਨ। ਨਵੇਂ ਨਿਯਮਾਂ ਤਹਿਤ ਕਾਰਾਂ, ਜੀਪਾਂ ਅਤੇ ਹਲਕੇ ਮੋਟਰ ਵਾਹਨਾਂ (LMVs) ਦੇ ਟੈਕਸ ਵਿੱਚ 5 ਤੋਂ 10 ਰੁਪਏ ਤੱਕ ਦੀ ਬੜ੍ਹਤ ਕੀਤੀ ਗਈ ਹੈ, ਜਦਕਿ ਬੱਸਾਂ ਅਤੇ ਟਰੱਕਾਂ ਵਰਗੇ ਭਾਰੀ ਵਾਹਨਾਂ ਦੇ ਚਾਰਜਿਜ਼ ਵਿੱਚ ਵੀ ਤਬਦੀਲੀ ਕੀਤੀ ਗਈ ਹੈ।
ਇਸ ਨਵੇਂ ਫ਼ੈਸਲੇ ਨਾਲ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਵਰਗੇ ਮੁੱਖ ਸ਼ਹਿਰਾਂ ਨੂੰ ਜੋੜਨ ਵਾਲੇ ਹਾਈਵੇਅਜ਼ 'ਤੇ ਸਫ਼ਰ ਕਰਨ ਵਾਲੇ ਲੋਕਾਂ 'ਤੇ ਸਿੱਧਾ ਅਸਰ ਪਵੇਗਾ।
ਬੋਰਡ ਵੱਲੋਂ ਜਿਨ੍ਹਾਂ ਪ੍ਰਮੁੱਖ ਟੋਲ ਪਲਾਜ਼ਿਆਂ 'ਤੇ ਨਵਾਂ ਟੈਕਸ ਨੋਟੀਫਾਈ ਕੀਤਾ ਗਿਆ ਹੈ, ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
ਘੁਲਾਲ ਟੋਲ ਪਲਾਜ਼ਾ: ਚੰਡੀਗੜ੍ਹ-ਖਰੜ-ਲੁਧਿਆਣਾ ਮਾਰਗ (NH-5)
ਕੋਟ ਕਰੋੜ ਟੋਲ ਪਲਾਜ਼ਾ: ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫ਼ਰੀਦਕੋਟ-ਬਠਿੰਡਾ ਰੂਟ (NH-15)
ਕਾਲਾ ਟਿੱਬਾ ਟੋਲ ਪਲਾਜ਼ਾ: ਅਬੋਹਰ-ਸੀਤੋ ਗੁਣੋ-ਡੱਬਵਾਲੀ ਰੋਡ
ਸ਼ੇਖਪੁਰਾ ਟੋਲ ਪਲਾਜ਼ਾ: ਮੌੜ-ਰੋਮਾਣਾ ਮੰਡੀ ਮਾਰਗ (NH-254)
ਲਹਿਰਾ ਬੇਗਾ ਟੋਲ ਪਲਾਜ਼ਾ: ਤਪਾ-ਬਠਿੰਡਾ ਹਾਈਵੇਅ (NH-7)
ਖੂਈਆਂ ਸਰਵਰ ਟੋਲ ਪਲਾਜ਼ਾ: ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ (NH-7)
ਕਾਲਾਝਾਰ ਟੋਲ ਪਲਾਜ਼ਾ: ਪਟਿਆਲਾ ਬਾਈਪਾਸ (NH-64)
ਪੇਇੰਡ ਟੋਲ ਪਲਾਜ਼ਾ: ਸੰਗਰੂਰ-ਦੋਗਲ ਕਲਾਂ ਮਾਰਗ (NH-52)
ਆਖ਼ਰ ਕਿਉਂ ਵਧਾਈਆਂ ਗਈਆਂ ਕੀਮਤਾਂ?
NHAI ਦੇ ਅਧਿਕਾਰੀਆਂ ਮੁਤਾਬਕ ਇਹ ਬਦਲਾਅ ਟੋਲਿੰਗ ਫਰੇਮਵਰਕ ਨੂੰ ਅਪਡੇਟ ਕੀਤੇ ਜਾਣ ਕਾਰਨ ਹੋਇਆ ਹੈ।
WPI ਲਿੰਕਿੰਗ ਫੈਕਟਰ ਹੋਇਆ ਲਾਗੂ:
ਟੋਲ ਦੀ ਗਣਨਾ (Calculation) ਨੂੰ ਦੁਬਾਰਾ ਸੈੱਟ ਕਰਨ ਲਈ 1.641 ਦੇ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ ਨੂੰ ਮੁੜ ਤੋਂ ਲਾਗੂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਕੁਝ ਖ਼ਾਸ ਹਾਲਤਾਂ ਕਾਰਨ ਕਈ ਟੋਲ ਪਲਾਜ਼ਿਆਂ 'ਤੇ ਯੂਜ਼ਰ ਫੀਸ ਘਟਾ ਦਿੱਤੀ ਗਈ ਸੀ, ਪਰ ਹੁਣ ਨਵੇਂ ਸੋਧੇ ਹੋਏ ਨਿਯਮਾਂ ਤਹਿਤ ਪੁਰਾਣੀਆਂ ਦਰਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਦੇਸ਼ ਭਰ ਦੇ ਲਗਭਗ 50 ਤੋਂ ਵੱਧ ਟੋਲ ਪਲਾਜ਼ਿਆਂ 'ਤੇ ਸੋਧੀਆਂ ਹੋਈਆਂ ਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਥਾਵਾਂ 'ਤੇ ਇਹ ਵਾਧਾ ਬਹੁਤ ਸੀਮਤ ਰੱਖਿਆ ਗਿਆ ਹੈ।
Get all latest content delivered to your email a few times a month.