ਤਾਜਾ ਖਬਰਾਂ
ਅਮਰੀਕਾ ਦੀ ਸਰਵਉੱਚ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਪੰਜਾਬ ਨਾਲ ਸਬੰਧਤ ਭਗਵਾਨਪੁਰੀਆ ਗੈਂਗ ਦੇ ਸਰਗਰਮ ਮੈਂਬਰ ਅਤੇ ਗੈਂਗਸਟਰ ਨਿਤੀਸ਼ ਕੌਸ਼ਲ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਆਪਣੀ 'ਮੋਸਟ ਵਾਂਟੇਡ' (ਸਭ ਤੋਂ ਵੱਧ ਲੋੜੀਂਦੇ ਅਪਰਾਧੀ) ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਅਮਰੀਕੀ ਧਰਤੀ 'ਤੇ ਕਤਲ, ਅਗਵਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਾ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਹੁਣ ਐਫ.ਬੀ.ਆਈ. ਇਸ ਭਾਰਤੀ ਨਾਗਰਿਕ ਦੇ ਬੇਹੱਦ ਨਜ਼ਦੀਕ ਪਹੁੰਚ ਚੁੱਕੀ ਹੈ।
ਐਫ.ਬੀ.ਆਈ. ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਭਾਰਤੀ ਮੂਲ ਦੇ ਨਿਤੀਸ਼ ਕੌਸ਼ਲ ਨੇ ਅਮਰੀਕਾ ਵਿੱਚ ਬਦਨਾਮ 'ਭਗਵਾਨਪੁਰੀਆ ਸੰਗਠਿਤ ਅਪਰਾਧ ਸਮੂਹ' ਲਈ ਕਈ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਾਂਚ ਏਜੰਸੀ ਨੇ ਦੱਸਿਆ ਕਿ ਕੌਸ਼ਲ ਗੈਂਗ ਦੇ ਇਸ਼ਾਰੇ 'ਤੇ ਅਗਵਾ ਕਰਨ, ਹਿੰਸਕ ਹਮਲੇ ਕਰਨ ਅਤੇ ਫਿਰੌਤੀ ਵਸੂਲਣ ਵਰਗੇ ਮਾਮਲਿਆਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਰਿਹਾ ਹੈ।
ਜਾਂਚ ਏਜੰਸੀ ਨੇ ਖ਼ੁਲਾਸਾ ਕੀਤਾ ਹੈ ਕਿ ਨਿਤੀਸ਼ ਕੌਸ਼ਲ ਇੱਕ ਅਜਿਹੇ ਗਲੋਬਲ ਅਪਰਾਧਿਕ ਨੈੱਟਵਰਕ ਦਾ ਹਿੱਸਾ ਹੈ ਜੋ ਦੁਨੀਆ ਭਰ ਵਿੱਚ ਨਾਜਾਇਜ਼ ਧੰਦੇ ਚਲਾਉਂਦਾ ਹੈ। ਇਸ ਸੰਗਠਨ 'ਤੇ ਹੇਠ ਲਿਖੇ ਗੰਭੀਰ ਦੋਸ਼ ਹਨ:
ਹਥਿਆਰਾਂ ਤੇ ਨਸ਼ੇ ਦੀ ਤਸਕਰੀ: ਸਰਹੱਦ ਪਾਰ ਤੋਂ ਗ਼ੈਰ-ਕਾਨੂੰਨੀ ਹਥਿਆਰ ਅਤੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਸਪਲਾਈ ਕਰਨਾ।
ਮਨੁੱਖੀ ਤਸਕਰੀ ਤੇ ਮਨੀ ਲਾਂਡਰਿੰਗ: ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਸਰਹੱਦ ਪਾਰ ਕਰਵਾਉਣਾ ਅਤੇ ਅਪਰਾਧ ਦੀ ਕਮਾਈ ਨੂੰ ਸਫ਼ੈਦ (Money Laundering) ਕਰਨਾ।
ਗੁੰਡਾਗਰਦੀ ਤੇ ਫਿਰੌਤੀ: ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲਣਾ।
ਐਫ.ਬੀ.ਆਈ. ਨੇ ਆਮ ਜਨਤਾ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਨਿਤੀਸ਼ ਕੌਸ਼ਲ ਕੋਲ ਘਾਤਕ ਹਥਿਆਰ ਹੋ ਸਕਦੇ ਹਨ ਅਤੇ ਉਹ ਬੇਹੱਦ ਖ਼ਤਰਨਾਕ ਭਗੌੜਾ ਹੈ।
ਏਜੰਸੀ ਨੇ ਗਲੋਬਲ ਪੱਧਰ 'ਤੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਨਿਤੀਸ਼ ਕੌਸ਼ਲ ਦੇ ਲੁਕੇ ਹੋਣ ਦੇ ਟਿਕਾਣੇ ਬਾਰੇ ਕੋਈ ਪੁਖ਼ਤਾ ਜਾਣਕਾਰੀ ਹੈ, ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਐਫ.ਬੀ.ਆਈ. ਦਫ਼ਤਰ, ਅਮਰੀਕੀ ਦੂਤਾਵਾਸ (Embassy) ਜਾਂ ਕੌਂਸਲੇਟ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰੇ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
Get all latest content delivered to your email a few times a month.