ਤਾਜਾ ਖਬਰਾਂ
ਅਮਰੀਕਾ ਦੇ ਲਾਸ ਵੇਗਾਸ ਵਿੱਚ ਖੇਡੇ ਗਏ ਵੱਕਾਰੀ 'ਪਾਵਰ ਸਲੈਪ 21' ਮੁਕਾਬਲੇ ਵਿੱਚ ਪੰਜਾਬ ਦੇ ਫਿਰੋਜ਼ਪੁਰ ਦੇ ਜੰਮਪਲ ਪਹਿਲਵਾਨ ਅਮਨਪ੍ਰੀਤ ਸਿੰਘ, ਜਿਨ੍ਹਾਂ ਨੂੰ ਰਿੰਗ ਵਿੱਚ 'ਮਹਾਬਲੀ ਸ਼ੇਰਾ' ਵਜੋਂ ਜਾਣਿਆ ਜਾਂਦਾ ਹੈ, ਨੇ ਇਤਿਹਾਸ ਰਚ ਦਿੱਤਾ ਹੈ। 10 ਜੁਲਾਈ, 2026 ਨੂੰ ਹੋਏ ਇਸ ਰੋਮਾਂਚਕ ਮੁਕਾਬਲੇ ਵਿੱਚ ਸ਼ੇਰਾ ਨੇ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਜ਼ਰ ਨੂੰ ਤੀਜੇ ਰਾਊਂਡ ਵਿੱਚ ਇੱਕ ਅਜਿਹਾ ਜ਼ੋਰਦਾਰ ਥੱਪੜ ਜੜਿਆ ਕਿ ਉਹ ਰਿੰਗ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਹਾਰ ਨਾਲ ਜੈਕ ਹੇਜ਼ਰ ਦੇ ਸ਼ਾਨਦਾਰ ਕਰੀਅਰ 'ਤੇ ਪਹਿਲੀ ਨਾਕਆਊਟ ਹਾਰ ਦਾ ਦਾਗ਼ ਲੱਗ ਗਿਆ ਹੈ।
TNA ਰੈਸਲਿੰਗ, WWE NXT ਅਤੇ OVW ਹੈਵੀਵੇਟ ਚੈਂਪੀਅਨਸ਼ਿਪ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਮਹਾਬਲੀ ਸ਼ੇਰਾ ਨੇ ਸਟੇਡੀਅਮ ਵਿੱਚ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਦੇ ਸੁਪਰਹਿੱਟ ਗੀਤ “ਬਦਲੇ ਜੱਟਾਂ ਦੇ ਪੁੱਤ ਨੀਂ...” 'ਤੇ ਧਮਾਕੇਦਾਰ ਐਂਟਰੀ ਕੀਤੀ। ਆਪਣੀ ਪਿੱਠ 'ਤੇ ਦੇਸ਼ ਦਾ ਮਾਣ ਤਿਰੰਗਾ ਓੜ੍ਹ ਕੇ ਪਹੁੰਚੇ ਸ਼ੇਰਾ ਦੇ ਸਵਾਗਤ ਵਿੱਚ ਪੂਰਾ ਸਟੇਡੀਅਮ 'ਸ਼ੇਰਾ-ਸ਼ੇਰਾ' ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਮੰਚ 'ਤੇ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੇ ਪੂਰੇ ਸਤਿਕਾਰ ਨਾਲ ਤਿਰੰਗੇ ਨੂੰ ਫੋਲਡ ਕਰਕੇ ਮੱਥੇ ਨਾਲ ਚੁੰਮਿਆ ਅਤੇ ਆਪਣੇ ਸਹਿਯੋਗੀ ਨੂੰ ਸੌਂਪਿਆ। ਪੂਰੇ ਆਤਮਵਿਸ਼ਵਾਸ ਨਾਲ ਭਰੇ ਸ਼ੇਰਾ ਨੇ ਰਿੰਗ ਦੀ ਧਰਤੀ ਨੂੰ ਚੁੰਮਿਆ ਅਤੇ ਇੱਕ ਉਂਗਲ ਖੜ੍ਹੀ ਕਰਕੇ ਪਹਿਲਾਂ ਹੀ ਆਪਣੀ ਜਿੱਤ ਦਾ ਇਸ਼ਾਰਾ ਕਰ ਦਿੱਤਾ।
ਮੁਕਾਬਲਾ ਸ਼ੁਰੂ ਹੁੰਦਿਆਂ ਹੀ ਪਹਿਲਾ ਥੱਪੜ ਮਾਰਨ ਦਾ ਮੌਕਾ ਅਮਨਪ੍ਰੀਤ ਸ਼ੇਰਾ ਨੂੰ ਮਿਲਿਆ। ਉਨ੍ਹਾਂ ਨੇ ਸਟੀਕ ਨਿਸ਼ਾਨੇ ਨਾਲ ਹੇਜ਼ਰ ਦੇ ਗੱਲ੍ਹ 'ਤੇ ਵਾਰ ਕੀਤਾ, ਪਰ ਹੇਜ਼ਰ ਆਪਣੀ ਜਗ੍ਹਾ 'ਤੇ ਟਿਕਿਆ ਰਿਹਾ। ਇਸ ਤੋਂ ਬਾਅਦ ਜਦੋਂ ਹੇਜ਼ਰ ਨੇ ਜਵਾਬੀ ਥੱਪੜ ਮਾਰਿਆ ਤਾਂ ਸ਼ੇਰਾ ਸੰਤੁਲਨ ਵਿਗੜਨ ਕਾਰਨ ਪਿੱਛੇ ਹਟ ਕੇ ਬੈਠ ਗਏ, ਪਰ ਰੈਫਰੀ ਦੀ ਕਾਊਂਟਿੰਗ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਖੜ੍ਹੇ ਹੋ ਗਏ। ਪਹਿਲੇ ਰਾਊਂਡ ਵਿੱਚ ਸਕੋਰ 9-10 ਰਿਹਾ। ਦੂਜੇ ਰਾਊਂਡ ਵਿੱਚ ਵੀ ਦੋਵਾਂ ਵਿਚਾਲੇ ਜ਼ੋਰਦਾਰ ਟੱਕਰ ਹੋਈ, ਪਰ ਸ਼ੇਰਾ ਇਸ ਵਾਰ ਮਜ਼ਬੂਤੀ ਨਾਲ ਡਟੇ ਰਹੇ। ਦੂਜੇ ਰਾਊਂਡ ਦੇ ਖ਼ਤਮ ਹੋਣ ਤੱਕ ਜੈਕ ਹੇਜ਼ਰ 20-17 ਦੀ ਲੀਡ ਨਾਲ ਸ਼ੇਰਾ ਤੋਂ ਅੱਗੇ ਚੱਲ ਰਿਹਾ ਸੀ।
ਲਗਾਤਾਰ ਦੋ ਰਾਊਂਡ ਪਿੱਛੇ ਰਹਿਣ ਤੋਂ ਬਾਅਦ ਤੀਜੇ ਰਾਊਂਡ ਵਿੱਚ ਸ਼ੇਰਾ ਨੇ ਆਪਣੇ ਕੋਚ ਦੀ ਰਣਨੀਤੀ ਮੁਤਾਬਕ ਪੂਰੀ ਬਾਜ਼ੀ ਹੀ ਪਲਟ ਦਿੱਤੀ। ਰਿੰਗ ਵਿੱਚ ਆਉਂਦਿਆਂ ਹੀ ਸ਼ੇਰਾ ਨੇ ਆਪਣਾ ਹੱਥ ਪੂਰਾ ਪਿੱਛੇ ਲੈ ਜਾ ਕੇ ਪੂਰੇ ਸਰੀਰ ਦੀ ਤਾਕਤ ਨਾਲ ਜੈਕ ਹੇਜ਼ਰ ਦੇ ਮੂੰਹ 'ਤੇ ਅਜਿਹਾ ਘਾਤਕ ਥੱਪੜ ਜੜਿਆ ਕਿ ਹੇਜ਼ਰ ਮਹਿਜ਼ 2 ਸਕਿੰਟਾਂ ਦੇ ਅੰਦਰ ਚੱਕਰ ਖਾ ਕੇ ਪਿੱਛੇ ਵੱਲ ਡਿੱਗਿਆ ਅਤੇ ਬੇਹੋਸ਼ ਹੋ ਗਿਆ। ਮੈਡੀਕਲ ਟੀਮ ਨੇ ਤੁਰੰਤ ਉਸ ਨੂੰ ਸੰਭਾਲਿਆ ਅਤੇ ਰੈਫਰੀ ਨੇ ਸ਼ੇਰਾ ਨੂੰ 'ਨਾਕਆਊਟ' ਦੇ ਆਧਾਰ 'ਤੇ ਜੇਤੂ ਐਲਾਨ ਦਿੱਤਾ।
ਜਿੱਤ ਦਾ ਐਲਾਨ ਹੁੰਦੇ ਹੀ ਮਹਾਬਲੀ ਸ਼ੇਰਾ ਨੇ ਜੋਸ਼ ਵਿੱਚ ਆ ਕੇ ਆਪਣੀ ਟੀ-ਸ਼ਰਟ ਉਤਾਰ ਦਿੱਤੀ ਅਤੇ ਰਿੰਗ ਵਿੱਚ ਖੜ੍ਹੇ ਹੋ ਕੇ ਜ਼ੋਰਦਾਰ ਦਹਾੜ ਮਾਰੀ। ਸਟੇਜ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਮੁੜ ਤਿਰੰਗੇ ਨੂੰ ਆਪਣੀ ਪਿੱਠ 'ਤੇ ਲਪੇਟ ਲਿਆ।
ਜੈਕ ਹੇਜ਼ਰ ਸਿਰਫ਼ WWE ਦੇ ਹੀ ਸਟਾਰ ਨਹੀਂ ਰਹੇ, ਸਗੋਂ ਮਿਕਸਡ ਮਾਰਸ਼ਲ ਆਰਟਸ (MMA) ਦੇ ਰਿੰਗ ਵਿੱਚ ਵੀ ਉਨ੍ਹਾਂ ਦਾ ਰਿਕਾਰਡ ਹਮੇਸ਼ਾ ਸ਼ਾਨਦਾਰ ਰਿਹਾ ਹੈ। ਆਪਣੇ ਪੂਰੇ ਕੰਬੈਟ ਕਰੀਅਰ ਵਿੱਚ ਉਹ ਕਦੇ ਵੀ ਇਸ ਤਰ੍ਹਾਂ ਚਿੱਤ ਨਹੀਂ ਹੋਏ ਸਨ। ਪੰਜਾਬ ਦੇ ਅਮਨਪ੍ਰੀਤ ਸਿੰਘ ਸ਼ੇਰਾ ਦੀ ਇਸ ਇਤਿਹਾਸਕ ਪ੍ਰਾਪਤੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।
Get all latest content delivered to your email a few times a month.