IMG-LOGO
ਹੋਮ ਪੰਜਾਬ: 53 ਪਿੰਡਾਂ ਦੇ 3,500 ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ...

53 ਪਿੰਡਾਂ ਦੇ 3,500 ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਦਾ ਵਿਸ਼ਾਲ ਉਪਰਾਲਾ, ਅਵੱਲ ਵਿਦਿਆਰਥੀਆਂ ਨੂੰ ਸਾਈਕਲਾਂ ਨਾਲ ਕੀਤਾ ਸਨਮਾਨਿਤ

Admin User - Jul 11, 2026 08:58 PM
IMG

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸਿੱਖੀ ਦੇ ਮੁੱਢਲੇ ਮੁੱਲਾਂ ਨਾਲ ਜੋੜਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਗੁਰਮਤਿ ਸਿਖਲਾਈ ਕੈਂਪਾਂ ਦੀ ਇੱਕ ਮਹੀਨੇ ਲੰਬੀ ਲੜੀ ਦਾ ਸਮਾਪਤੀ ਸਮਾਗਮ ਮਾਨਸਾ ਜ਼ਿਲ੍ਹੇ ਦੇ ਹਲਕਾ ਜੋਗਾ ਅਧੀਨ ਗੁਰਦੁਆਰਾ ਭਾਈ ਬਹਿਲੋ ਜੀ, ਫਫੜੇ ਭਾਈਕੇ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।

ਇਹ ਕੈਂਪ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਵਿਸ਼ੇਸ਼ ਉਪਰਾਲਿਆਂ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਹਲਕਾ ਜੋਗਾ ਦੇ 53 ਪਿੰਡਾਂ ਵਿੱਚ 64 ਕੇਂਦਰਾਂ 'ਤੇ ਲਗਾਏ ਗਏ, ਜਿਨ੍ਹਾਂ ਵਿੱਚ ਕਰੀਬ 3,500 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪਾਂ ਦੌਰਾਨ ਬੱਚਿਆਂ ਨੂੰ ਗੁਰਬਾਣੀ ਪਾਠ, ਕੀਰਤਨ, ਸਿੱਖ ਰਹਿਤ-ਮਰਿਆਦਾ, ਸਿੱਖ ਇਤਿਹਾਸ, ਗੁਰਮਤਿ ਵਿਚਾਰਧਾਰਾ ਅਤੇ ਸਿੱਖ ਜੀਵਨ-ਮੁੱਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।

ਸਮਾਪਤੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਬੱਚੇ ਕੌਮ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਗੁਰਮਤਿ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਵਿੱਚ ਗੁਰਮਤਿ ਕੈਂਪ ਲਗਾ ਕੇ ਨਵੀਂ ਪੀੜ੍ਹੀ ਨੂੰ ਸਿੱਖੀ ਦੀਆਂ ਜੜ੍ਹਾਂ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਨਾਲ ਜੋੜਨ ਲਈ ਹਮੇਸ਼ਾ ਪ੍ਰੇਰਿਤ ਕਰਨ।

ਐਡਵੋਕੇਟ ਧਾਮੀ ਨੇ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਆਪਣੇ ਹਲਕੇ ਦੇ ਹਰ ਪਿੰਡ ਤੱਕ ਪਹੁੰਚ ਕੇ ਗੁਰਮਤਿ ਪ੍ਰਚਾਰ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਗੁਰਦੁਆਰਾ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਹਰ ਰੋਜ਼ ਬੱਚਿਆਂ ਲਈ ਗੁਰਮਤਿ ਕਲਾਸਾਂ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸਿੱਖਿਆ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਇਸ ਕਾਰਜ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।

ਕੈਂਪਾਂ ਦੌਰਾਨ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਵਿੱਚੋਂ ਚੁਣੇ ਗਏ 540 ਹੋਣਹਾਰ ਬੱਚਿਆਂ ਦਾ ਗੁਰਮਤਿ ਸਿੱਖਿਆ ਸਬੰਧੀ ਲਿਖਤੀ ਟੈਸਟ ਲਿਆ ਗਿਆ, ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਮਾਗਮ ਦੌਰਾਨ ਸਾਈਕਲ ਇਨਾਮ ਵਜੋਂ ਭੇਟ ਕੀਤੇ ਗਏ। ਇਸ ਤੋਂ ਇਲਾਵਾ ਕੈਂਪਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਅਤੇ ਸਨਮਾਨ ਪੱਤਰ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ, ਜਦਕਿ ਗ੍ਰੰਥੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰਾਂ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਗਤਕਾ ਟੀਮਾਂ ਨੇ ਆਪਣੀ ਕਲਾ ਦੇ ਸ਼ਾਨਦਾਰ ਜੌਹਰ ਵਿਖਾ ਕੇ ਸੰਗਤਾਂ ਦਾ ਮਨ ਮੋਹ ਲਿਆ। ਇਸੇ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਗੁਰਦੁਆਰਾ ਭਾਈ ਬਹਿਲੋ ਜੀ ਦੇ ਸਾਹਮਣੇ ਨਵੇਂ ਬਣੇ ਸੁੰਦਰ ਫੁਹਾਰੇ ਦਾ ਉਦਘਾਟਨ ਵੀ ਕੀਤਾ।

ਇਸ ਸਮਾਗਮ ਵਿੱਚ ਸਥਾਨਕ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ, ਪ੍ਰਚਾਰਕਾਂ, ਅਧਿਆਪਕਾਂ, ਯੂਥ ਵਿੰਗ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.