ਤਾਜਾ ਖਬਰਾਂ
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਸਫ਼ਰ ਦੌਰਾਨ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਪੰਜਾਬ ਰੋਡਵੇਜ਼ ਨੇ ਪਹਿਲੀ ਵਾਰ ਲੁਧਿਆਣਾ ਅਤੇ ਜਲੰਧਰ ਤੋਂ ਜੰਮੂ-ਕਟੜਾ ਲਈ ਸੁਪਰਫਾਸਟ ਏਸੀ ਵਾਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਵੱਲੋਂ ਸਮਾਂ ਸਾਰਣੀ ਨਾਲ ਜੁੜੀਆਂ ਤਕਨੀਕੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਇਹ ਬੱਸ ਸੇਵਾ ਆਉਣ ਵਾਲੇ ਸੋਮਵਾਰ ਤੋਂ ਨਿਯਮਿਤ ਤੌਰ 'ਤੇ ਰੋਜ਼ਾਨਾ ਚੱਲੇਗੀ। ਇਸ ਨਵੀਂ ਸੇਵਾ ਨਾਲ ਯਾਤਰੀਆਂ ਨੂੰ ਆਰਾਮਦਾਇਕ, ਸੁਰੱਖਿਅਤ ਅਤੇ ਸਰਕਾਰੀ ਨਿਰਧਾਰਿਤ ਕਿਰਾਏ 'ਤੇ ਲਗਜ਼ਰੀ ਸਫ਼ਰ ਦੀ ਸੁਵਿਧਾ ਮਿਲੇਗੀ, ਜਿਸ ਨਾਲ ਪ੍ਰਾਈਵੇਟ ਬੱਸਾਂ ਦੇ ਮਹਿੰਗੇ ਕਿਰਾਏ ਅਤੇ ਟ੍ਰੇਨਾਂ ਵਿੱਚ ਲੰਬੀ ਵੇਟਿੰਗ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ।
ਗਰਮੀਆਂ ਦੀਆਂ ਛੁੱਟੀਆਂ, ਨਵਰਾਤਰਾਂ ਅਤੇ ਹੋਰ ਧਾਰਮਿਕ ਮੌਕਿਆਂ ਦੌਰਾਨ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਜਾਂਦਾ ਹੈ। ਅਜਿਹੇ ਸਮੇਂ ਵਿੱਚ ਰੇਲ ਗੱਡੀਆਂ ਵਿੱਚ ਕਨਫਰਮ ਟਿਕਟਾਂ ਮਿਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ, ਜਦਕਿ ਨਿੱਜੀ ਵਾਲਵੋ ਬੱਸਾਂ ਦੇ ਕਿਰਾਏ ਵੀ ਕਾਫ਼ੀ ਵੱਧ ਜਾਂਦੇ ਹਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇਹ ਨਵੀਂ ਬੱਸ ਸੇਵਾ ਸ਼ੁਰੂ ਕੀਤੀ ਹੈ, ਜਿਸ ਨਾਲ ਆਮ ਲੋਕਾਂ ਨੂੰ ਘੱਟ ਖਰਚੇ 'ਤੇ ਵਧੀਆ ਯਾਤਰਾ ਦਾ ਵਿਕਲਪ ਮਿਲੇਗਾ।
ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਸੁਪਰਫਾਸਟ ਏਸੀ ਵਾਲਵੋ ਬੱਸ ਲੁਧਿਆਣਾ ਤੋਂ ਆਪਣਾ ਸਫ਼ਰ ਸ਼ੁਰੂ ਕਰੇਗੀ ਅਤੇ ਜਲੰਧਰ ਦੇ ਕੇਂਦਰੀ ਬੱਸ ਸਟੈਂਡ ਤੋਂ ਯਾਤਰੀਆਂ ਨੂੰ ਸਵਾਰ ਕਰਕੇ ਸਿੱਧੀ ਜੰਮੂ-ਕਟੜਾ ਲਈ ਰਵਾਨਾ ਹੋਵੇਗੀ। ਇਸ ਰੂਟ 'ਤੇ ਸਫ਼ਰ ਕਰਨ ਵਾਲੇ ਸ਼ਰਧਾਲੂਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਬੱਸਾਂ ਵਿੱਚ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲੇਗਾ।
ਇਸ ਬੱਸ ਸੇਵਾ ਦੀ ਸ਼ੁਰੂਆਤ ਦੇ ਪਿੱਛੇ ਪੰਜਾਬ ਰੋਡਵੇਜ਼ ਵੱਲੋਂ ਹਾਲ ਹੀ ਵਿੱਚ ਖਰੀਦੀਆਂ ਗਈਆਂ ਨਵੀਆਂ ਯੂਰੋ-6 ਹਾਈਟੈੱਕ ਵਾਲਵੋ ਬੱਸਾਂ ਦਾ ਵੀ ਅਹਿਮ ਯੋਗਦਾਨ ਹੈ। ਨਵੀਆਂ ਬੱਸਾਂ ਨੂੰ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਰੂਟ 'ਤੇ ਤਾਇਨਾਤ ਕਰਨ ਤੋਂ ਬਾਅਦ ਪਹਿਲਾਂ ਤੋਂ ਚੱਲ ਰਹੀਆਂ ਵਾਲਵੋ ਬੱਸਾਂ ਨੂੰ ਹੋਰ ਵੱਧ ਮੰਗ ਵਾਲੇ ਰੂਟਾਂ 'ਤੇ ਭੇਜਿਆ ਗਿਆ ਹੈ। ਇਸੇ ਤਹਿਤ ਜਲੰਧਰ ਡਿਪੋ ਨੂੰ ਦਿੱਲੀ ਰੂਟ ਲਈ ਤਿੰਨ ਨਵੀਆਂ ਵਾਲਵੋ ਬੱਸਾਂ ਮਿਲਣ ਕਾਰਨ ਕਟੜਾ ਰੂਟ 'ਤੇ ਇਹ ਨਵੀਂ ਸੇਵਾ ਸ਼ੁਰੂ ਕਰਨੀ ਸੰਭਵ ਹੋ ਸਕੀ ਹੈ।
ਰੋਡਵੇਜ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਸੇਵਾ ਨੂੰ ਯਾਤਰੀਆਂ ਵੱਲੋਂ ਉਮੀਦ ਮੁਤਾਬਕ ਭਰਪੂਰ ਹੁੰਗਾਰਾ ਮਿਲਦਾ ਹੈ ਤਾਂ ਭਵਿੱਖ ਵਿੱਚ ਪੰਜਾਬ ਦੇ ਹੋਰ ਪ੍ਰਮੁੱਖ ਸ਼ਹਿਰਾਂ ਤੋਂ ਵੀ ਕਟੜਾ ਅਤੇ ਦੇਸ਼ ਦੇ ਹੋਰ ਮਹੱਤਵਪੂਰਨ ਧਾਰਮਿਕ ਸਥਾਨਾਂ ਲਈ ਏਸੀ ਵਾਲਵੋ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਧਾਰਮਿਕ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਹੋਰ ਵੱਧ ਸੁਵਿਧਾਜਨਕ ਅਤੇ ਕਿਫ਼ਾਇਤੀ ਆਵਾਜਾਈ ਦੇ ਵਿਕਲਪ ਉਪਲਬਧ ਹੋਣਗੇ।
Get all latest content delivered to your email a few times a month.