ਤਾਜਾ ਖਬਰਾਂ
ਭਾਰਤ ਅਤੇ ਆਸਟ੍ਰੇਲੀਆ ਦੇ ਖੇਡ ਸਬੰਧਾਂ ਵਿੱਚ ਅੱਜ ਉਸ ਵੇਲੇ ਇੱਕ ਨਵਾਂ ਸੁਨਹਿਰੀ ਅਧਿਆਇ ਜੁੜ ਗਿਆ, ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਦੀ ਵੱਕਾਰੀ ਟੀ-20 ਕ੍ਰਿਕਟ ਲੀਗ 'ਬਿਗ ਬੈਸ਼ ਲੀਗ' (BBL) ਦੇ ਆਗਾਮੀ 2026-27 ਸੀਜ਼ਨ ਦੀ ਸ਼ੁਰੂਆਤ ਭਾਰਤੀ ਸਰਜ਼ਮੀਨ 'ਤੇ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਦੇ ਆਖ਼ਰੀ ਦਿਨ ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਇਹ ਇਤਿਹਾਸਕ ਫੈਸਲਾ ਸਾਂਝਾ ਕੀਤਾ ਗਿਆ। ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਆਸਟ੍ਰੇਲੀਆ ਤੋਂ ਬਾਹਰ ਕੋਈ ਅਧਿਕਾਰਤ ਬੀ.ਬੀ.ਐਲ. ਮੈਚ ਖੇਡਿਆ ਜਾਵੇਗਾ ਅਤੇ ਭਾਰਤ ਕਿਸੇ ਵਿਦੇਸ਼ੀ ਘਰੇਲੂ ਲੀਗ ਦੀ ਮੇਜ਼ਬਾਨੀ ਕਰੇਗਾ।
ਕ੍ਰਿਕਟ ਆਸਟ੍ਰੇਲੀਆ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, ਬੀ.ਬੀ.ਐਲ. ਦੇ 16ਵੇਂ ਸੀਜ਼ਨ ਦਾ ਇਹ ਉਦਘਾਟਨੀ ਮੈਚ 12 ਦਸੰਬਰ ਨੂੰ ਚੇਨਈ ਦੇ ਇਤਿਹਾਸਕ ਐਮ.ਏ. ਚਿਦੰਬਰਮ (ਚੇਪੌਕ) ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ 'ਮੈਲਬੌਰਨ ਰੇਨੇਗੇਡਜ਼' ਅਤੇ 'ਪਰਥ ਸਕੋਰਚਰਜ਼' ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਵਿਸ਼ੇਸ਼ ਮੁਕਾਬਲੇ ਲਈ ਮੈਲਬੌਰਨ ਰੇਨੇਗੇਡਜ਼ ਨੂੰ 'ਹੋਮ ਟੀਮ' (Grounded Team) ਦਾ ਦਰਜਾ ਦਿੱਤਾ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਬਾਜ਼ਾਰ ਯਾਨੀ ਭਾਰਤ ਵਿੱਚ ਲੀਗ ਦੀ ਲੋਕਪ੍ਰਿਯਤਾ ਵਧਾਉਣ ਲਈ ਇਹ ਕਦਮ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਮੈਚ ਦੇ ਐਲਾਨ ਦੇ ਨਾਲ-ਨਾਲ ਪੀ.ਐਮ. ਮੋਦੀ ਅਤੇ ਪੀ.ਐਮ. ਅਲਬਾਨੀਜ਼ ਨੇ ਦੋਵਾਂ ਮੁਲਕਾਂ ਵਿਚਕਾਰ ਖੇਡ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ "ਰੋਡਮੈਪ" ਵੀ ਲਾਂਚ ਕੀਤਾ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਲੋਕਾਂ ਦੇ ਦਿਲਾਂ ਵਿੱਚ ਕ੍ਰਿਕਟ ਅਤੇ ਖੇਡਾਂ ਲਈ ਇੱਕ ਅਟੁੱਟ ਜਨੂੰਨ ਹੈ। ਇਹ ਨਵਾਂ ਸਮਝੌਤਾ ਖੇਡ ਖੋਜ, ਤਕਨਾਲੋਜੀ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਨਾਲ-ਨਾਲ ਦੁਵੱਲੇ ਵਪਾਰ, ਨਿਵੇਸ਼ ਅਤੇ ਸੈਰ-ਸਪਾਟੇ ਨੂੰ ਇੱਕ ਨਵੀਂ ਉਚਾਈ 'ਤੇ ਲੈ ਕੇ ਜਾਵੇਗਾ।
ਜ਼ਿਕਰਯੋਗ ਹੈ ਕਿ ਬਿਗ ਬੈਸ਼ ਲੀਗ ਦੇ ਮੀਡੀਆ ਅਧਿਕਾਰ ਪਹਿਲਾਂ ਹੀ ਭਾਰਤ ਵਿੱਚ 'ਜੀਓਸਟਾਰ' (GeoStar) ਕੋਲ ਹਨ, ਜਿਸ ਦਾ ਸਮਝੌਤਾ ਸਾਲ 2030 ਤੱਕ ਲਾਗੂ ਹੈ। ਕ੍ਰਿਕਟ ਆਸਟ੍ਰੇਲੀਆ ਹੁਣ ਭਾਰਤੀ ਉਪ-ਮਹਾਂਦੀਪ ਵਿੱਚ ਲੀਗ ਦੇ ਵਪਾਰਕ ਵਿਸਤਾਰ 'ਤੇ ਵੱਡੀ ਰਣਨੀਤੀ ਤਹਿਤ ਕੰਮ ਕਰ ਰਿਹਾ ਹੈ, ਜਿਸ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਵੀ ਸ਼ਾਮਲ ਹੈ। ਖੇਡ ਮਾਹਰਾਂ ਮੁਤਾਬਕ, ਭਾਰਤੀ ਪ੍ਰਸ਼ੰਸਕਾਂ ਲਈ ਆਈ.ਪੀ.ਐਲ. (IPL) ਤੋਂ ਬਾਅਦ ਹੁਣ ਚੇਨਈ ਦੇ ਮੈਦਾਨ 'ਤੇ ਬੀ.ਬੀ.ਐਲ. ਦਾ ਰੋਮਾਂਚ ਦੇਖਣਾ ਇੱਕ ਬਿਲਕੁਲ ਵੱਖਰਾ ਅਤੇ ਯਾਦਗਾਰੀ ਅਨੁਭਵ ਹੋਵੇਗਾ।
Get all latest content delivered to your email a few times a month.