ਤਾਜਾ ਖਬਰਾਂ
ਟ੍ਰਾਈਸਿਟੀ (ਚੰਡੀਗੜ੍ਹ-ਮੁਹਾਲੀ) ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਨੇ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ, ਜਿਸ ਕਾਰਨ ਪਾਰੇ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਹਾਲਾਂਕਿ, ਵਿਭਾਗ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ 13 ਜੁਲਾਈ ਤੋਂ ਮਾਨਸੂਨ ਦੀ ਰਫ਼ਤਾਰ ਮੱਧਮ ਪੈ ਸਕਦੀ ਹੈ, ਜਿਸ ਕਾਰਨ ਤਾਪਮਾਨ ਇੱਕ ਵਾਰ ਫਿਰ ਉੱਪਰ ਜਾਵੇਗਾ। ਫਿਲਹਾਲ, ਸੂਬੇ ਦੇ 7 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਮੱਧਮ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ਦੇ 7 ਜ਼ਿਲ੍ਹਿਆਂ—ਪਟਿਆਲਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਬੱਦਲਵਾਈ ਰਹਿਣ ਅਤੇ ਮੱਧਮ ਦਰਜੇ ਦੀ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਦੇ ਨਿਵਾਸੀਆਂ ਨੂੰ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਦੇਖਦਿਆਂ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਜੇਕਰ ਪਿਛਲੇ 24 ਘੰਟਿਆਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ ਅਤੇ ਮੁਹਾਲੀ ਨੂੰ ਛੱਡ ਕੇ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਮੌਸਮ ਖ਼ੁਸ਼ਕ ਹੀ ਰਿਹਾ। ਚੰਡੀਗੜ੍ਹ ਸ਼ਹਿਰ ਵਿੱਚ ਸਭ ਤੋਂ ਵੱਧ 34 ਮਿਲੀਮੀਟਰ (mm) ਮੀਂਹ ਰਿਕਾਰਡ ਕੀਤਾ ਗਿਆ, ਜਦਕਿ ਚੰਡੀਗੜ੍ਹ ਏਅਰਪੋਰਟ ਖੇਤਰ ਵਿੱਚ 32.6 ਐਮਐਮ ਅਤੇ ਮੁਹਾਲੀ ਵਿੱਚ 21 ਐਮਐਮ ਬਾਰਿਸ਼ ਦਰਜ ਹੋਈ। ਇਸ ਤੋਂ ਇਲਾਵਾ ਪਟਿਆਲਾ ਵਿੱਚ 9.9 ਐਮਐਮ, ਸ੍ਰੀ ਆਨੰਦਪੁਰ ਸਾਹਿਬ ਵਿੱਚ 5.5 ਐਮਐਮ, ਭਾਖੜਾ ਡੈਮ ਖੇਤਰ ਵਿੱਚ 4 ਐਮਐਮ ਅਤੇ ਹੁਸ਼ਿਆਰਪੁਰ ਦੇ ਥੀਨ ਡੈਮ ਇਲਾਕੇ ਵਿੱਚ 0.5 ਐਮਐਮ ਮੀਂਹ ਪਿਆ। ਦੂਜੇ ਪਾਸੇ, ਮੀਂਹ ਨਾ ਪੈਣ ਕਾਰਨ ਦੱਖਣ-ਪੱਛਮੀ ਪੰਜਾਬ ਵਿੱਚ ਲੂ (Heatwave) ਦਾ ਪ੍ਰਕੋਪ ਜਾਰੀ ਰਿਹਾ, ਜਿੱਥੇ ਫ਼ਰੀਦਕੋਟ ਵਿੱਚ ਸਭ ਤੋਂ ਵੱਧ 42.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦੇਖਿਆ ਗਿਆ ਹੈ, ਪਰ ਇਸ ਦੇ ਬਾਵਜੂਦ ਇਹ ਆਮ ਦਿਨਾਂ ਦੇ ਮੁਕਾਬਲੇ 2.5 ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਖ਼ਾਸ ਕਰਕੇ ਚੰਡੀਗੜ੍ਹ ਵਿੱਚ ਮੀਂਹ ਤੋਂ ਬਾਅਦ ਪਾਰਾ ਡਿੱਗ ਕੇ 28 ਡਿਗਰੀ ਸੈਲਸੀਅਸ 'ਤੇ ਆ ਗਿਆ, ਜੋ ਕਿ ਆਮ ਨਾਲੋਂ 5.5 ਡਿਗਰੀ ਘੱਟ ਹੈ, ਜਿਸ ਕਾਰਨ ਮੌਸਮ ਬੇਹੱਦ ਸੁਹਾਵਣਾ ਬਣਿਆ ਹੋਇਆ ਹੈ।
Get all latest content delivered to your email a few times a month.