ਤਾਜਾ ਖਬਰਾਂ
ਪਟਿਆਲਾ ਦੀ ਵੀ.ਆਈ.ਪੀ. ਰਿਹਾਇਸ਼ੀ ਖੇਤਰ ਮੰਨੀ ਜਾਂਦੀ 'ਆਫ਼ਿਸਰ ਕਾਲੋਨੀ' ਵਿੱਚ ਬੀਤੀ ਰਾਤ ਇੱਕ ਬੇਹੱਦ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੱਸਦੇ-ਖੇਡਦੇ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਖ਼ੌਫ਼ਨਾਕ ਕਦਮ ਕਾਰਨ ਬੈਂਕ ਵਿੱਚ ਬਤੌਰ ਮੈਨੇਜਰ ਤਾਇਨਾਤ ਵਿਅਕਤੀ ਅਤੇ ਉਸਦੀ 11 ਸਾਲਾ ਮਾਸੂਮ ਧੀ ਦੀ ਮੌਤ ਹੋ ਗਈ ਹੈ, ਜਦਕਿ ਪਰਿਵਾਰ ਦੇ ਬਾਕੀ ਦੋ ਜੀਅ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ।
ਪੁਲਿਸ ਦੀ ਮੁਢਲੀ ਜਾਂਚ ਅਤੇ ਆਸ-ਪਾਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਖ਼ੁਦਕੁਸ਼ੀ ਪਿੱਛੇ ਘਰੇਲੂ ਵਿਵਾਦ ਅਤੇ ਪੈਸਿਆਂ ਦੇ ਲੈਣ-ਦੇਣ ਦੀ ਵੱਡੀ ਪਰੇਸ਼ਾਨੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਵਿਕਾਸ (ਬੈਂਕ ਮੈਨੇਜਰ) ਅਤੇ ਉਸਦੀ ਬੇਟੀ ਖੁਆਹਇਸ਼ (11) ਵਜੋਂ ਹੋਈ ਹੈ। ਜ਼ਹਿਰ ਦਾ ਅਸਰ ਹੋਣ ਕਾਰਨ ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਦੂਜੇ ਪਾਸੇ, ਵਿਕਾਸ ਦੀ ਪਤਨੀ ਤਮੰਨਾ ਅਤੇ ਉਨ੍ਹਾਂ ਦੇ 13 ਸਾਲਾ ਪੁੱਤਰ ਕਨਵ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਐਮਰਜੈਂਸੀ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਫੋਰੈਂਸਿਕ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਪਰਿਵਾਰ ਕਿਸ ਤਰ੍ਹਾਂ ਦੇ ਮਾਨਸਿਕ ਜਾਂ ਆਰਥਿਕ ਦਬਾਅ ਹੇਠ ਸੀ। ਪੁਲਿਸ ਮੁਤਾਬਕ ਹਸਪਤਾਲ ਵਿੱਚ ਦਾਖ਼ਲ ਮੈਂਬਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਸਕੇਗੀ।
ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਤਣਾਅ, ਆਰਥਿਕ ਪਰੇਸ਼ਾਨੀ ਜਾਂ ਨਿਰਾਸ਼ਾ ਵਿੱਚੋਂ ਲੰਘ ਰਿਹਾ ਹੈ, ਤਾਂ ਇਕੱਲੇ ਨਾ ਰਹੋ। ਤੁਸੀਂ ਭਾਰਤ ਸਰਕਾਰ ਦੀ ਅਧਿਕਾਰਤ ਅਤੇ ਮੁਫ਼ਤ 'ਜੀਵਨ ਆਸਥਾ' ਹੈਲਪਲਾਈਨ 1800-233-3330 'ਤੇ ਸੰਪਰਕ ਕਰਕੇ ਮਾਹਰਾਂ ਦੀ ਸਹਾਇਤਾ ਅਤੇ ਕਾਊਂਸਲਿੰਗ ਲੈ ਸਕਦੇ ਹੋ।
Get all latest content delivered to your email a few times a month.