ਤਾਜਾ ਖਬਰਾਂ
ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਮਾਰੇ ਗਏ ਬੇਕਸੂਰ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਅਤੇ ਇਨਸਾਫ਼ ਲਈ ਇੱਕ ਵੱਡੇ ਧਾਰਮਿਕ ਸਮਾਗਮ ਦਾ ਐਲਾਨ ਕੀਤਾ ਹੈ। ਜਥੇਦਾਰ ਨੇ ਦੱਸਿਆ ਕਿ 1980 ਅਤੇ 90 ਦੇ ਦਹਾਕੇ ਦੌਰਾਨ ਸਰਕਾਰੀ ਅਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨਾਂ, ਜਿਨ੍ਹਾਂ ਦੇ ਲਾਵਾਰਿਸ ਸਸਕਾਰਾਂ ਦਾ ਸੱਚ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਦੁਨੀਆ ਸਾਹਮਣੇ ਲਿਆਂਦਾ ਸੀ, ਦੀ ਯਾਦ ਵਿੱਚ ਆਉਂਦੀ 14 ਜੁਲਾਈ 2026 ਨੂੰ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਇੱਕ ਵਿਸ਼ੇਸ਼ ਸ਼ਰਧਾਂਜਲੀ ਅਤੇ ਅਰਦਾਸ ਸਮਾਗਮ ਉਲੀਕਿਆ ਗਿਆ ਹੈ।
ਸਿੰਘ ਸਾਹਿਬ ਨੇ ਅਤੀਤ ਦੇ ਜ਼ਖ਼ਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਬੇਗੁਨਾਹ ਬੱਚਿਆਂ, ਬਜ਼ੁਰਗਾਂ, ਬੀਬੀਆਂ ਅਤੇ ਨੌਜਵਾਨਾਂ ਲਈ ਅੱਜ ਤੱਕ ਕੋਈ ਸਾਂਝਾ ਅਤੇ ਵੱਡਾ ਪ੍ਰਾਰਥਨਾ ਸਮਾਗਮ ਨਹੀਂ ਹੋ ਸਕਿਆ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਵੀ ਸੂਬੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਬਜ਼ੁਰਗ ਮਾਵਾਂ ਅਤੇ ਭੈਣਾਂ ਮੌਜੂਦ ਹਨ, ਜੋ ਆਪਣੇ ਲਾਪਤਾ ਹੋਏ ਪੁੱਤਾਂ ਤੇ ਭਰਾਵਾਂ ਦੇ ਅਸਲ ਹਸ਼ਰ ਤੋਂ ਅਣਜਾਣ ਹਨ। ਜਥੇਦਾਰ ਅਨੁਸਾਰ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਦੁਖਾਂਤ ਦਾ ਅਸਲੀ ਸੱਚ ਪੂਰੀ ਦੁਨੀਆ ਦੇ ਨਕਸ਼ੇ 'ਤੇ ਉਜਾਗਰ ਹੋਵੇ ਅਤੇ ਪੀੜਤ ਧਿਰਾਂ ਨੂੰ ਦੇਰੀ ਨਾਲ ਹੀ ਸਹੀ, ਪਰ ਪੂਰਨ ਇਨਸਾਫ਼ ਨਸੀਬ ਹੋਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਮੂਹ ਪੀੜਤ ਪਰਿਵਾਰਾਂ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਵਾਲੇ ਵਕੀਲਾਂ, ਸਮਾਜਿਕ ਕਾਰਕੁਨਾਂ ਅਤੇ ਪੰਥਕ ਸ਼ਖ਼ਸੀਅਤਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਜਥੇਦਾਰ ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਪਰਿਵਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦੇ ਬੱਚਿਆਂ ਦੇ ਕਤਲ ਦੇ ਮਾਮਲਿਆਂ ਵਿੱਚ ਬੀਤੇ ਸਮੇਂ ਦੌਰਾਨ ਮੁਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. (CBI) ਅਦਾਲਤ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਸੁਣਾਈਆਂ ਜਾ ਚੁੱਕੀਆਂ ਹਨ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ 14 ਜੁਲਾਈ ਨੂੰ ਹਰੀਕੇ ਪੱਤਣ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਗਤੀ ਰੂਪ ਵਿੱਚ ਗੁਰਬਾਣੀ ਦਾ ਜਾਪ ਅਤੇ ਪਵਿੱਤਰ ਕੀਰਤਨ ਸਰਵਣ ਕਰਨ। ਉਨ੍ਹਾਂ ਕਿਹਾ ਕਿ ਇਸ ਮੌਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ ਕਿ ਉਹ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਲੰਬੇ ਸਮੇਂ ਤੋਂ ਕਾਨੂੰਨੀ ਤੇ ਸਮਾਜਿਕ ਲੜਾਈ ਲੜ ਰਹੇ ਪਰਿਵਾਰਾਂ ਨੂੰ ਹੌਸਲਾ ਅਤੇ ਇਨਸਾਫ਼ ਪ੍ਰਾਪਤ ਕਰਨ ਦਾ ਬਲ ਪ੍ਰਦਾਨ ਕਰਨ। ਇਸ ਸਮਾਗਮ ਨੂੰ ਲੈ ਕੇ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਸਿੱਖ ਹਲਕਿਆਂ ਵਿੱਚ ਵੱਡੀ ਹਲਚਲ ਦੇਖੀ ਜਾ ਰਹੀ ਹੈ।
Get all latest content delivered to your email a few times a month.