IMG-LOGO
ਹੋਮ ਪੰਜਾਬ, ਰਾਸ਼ਟਰੀ, ਮਨੋਰੰਜਨ, ਫ਼ਿਲਮ 'ਸਤਲੁਜ' ਨੂੰ ਓ.ਟੀ.ਟੀ. ਤੋਂ ਹਟਾਉਣ 'ਤੇ ਭੜਕੇ ਅਨੁਰਾਗ ਕਸ਼ਯਪ;...

ਫ਼ਿਲਮ 'ਸਤਲੁਜ' ਨੂੰ ਓ.ਟੀ.ਟੀ. ਤੋਂ ਹਟਾਉਣ 'ਤੇ ਭੜਕੇ ਅਨੁਰਾਗ ਕਸ਼ਯਪ; ਲੋਕਾਂ ਨੂੰ ਕੀਤੀ ਅਪੀਲ— "ਭਾਵੇਂ ਪਾਈਰੇਸੀ (ਨਕਲ) ਕਰਕੇ ਦੇਖੋ, ਪਰ ਇਹ ਫ਼ਿਲਮ ਜ਼ਰੂਰ ਦੇਖੋ"

Admin User - Jul 08, 2026 12:37 PM
IMG

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਅਤੇ ਹਨੀ ਤ੍ਰੇਹਨ ਵੱਲੋਂ ਨਿਰਦੇਸ਼ਿਤ ਫ਼ਿਲਮ "ਸਤਲੁਜ" ਨੂੰ ਓ.ਟੀ.ਟੀ. ਪਲੇਟਫਾਰਮ 'Zee5' ਤੋਂ ਅਚਾਨਕ ਹਟਾਏ ਜਾਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਖੁੱਲ੍ਹ ਕੇ ਇਸ ਦੇ ਸਮਰਥਨ ਵਿੱਚ ਆ ਗਏ ਹਨ। ਕਸ਼ਯਪ ਨੇ ਡਿਜੀਟਲ ਪਲੇਟਫਾਰਮ ਤੋਂ ਫ਼ਿਲਮ ਗਾਇਬ ਹੋਣ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਜਾਂ ਸੈਂਸਰਸ਼ਿਪ ਵੱਲੋਂ ਫ਼ਿਲਮ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਇਸ ਨੂੰ ਦੇਖਣ ਦੀ ਉਤਸੁਕਤਾ ਓਨੀ ਹੀ ਵਧੇਗੀ।


ਅਨੁਰਾਗ ਕਸ਼ਯਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਨਾਲ ਸਬੰਧਤ ਇੱਕ ਸਟੋਰੀ ਸਾਂਝੀ ਕਰਦਿਆਂ ਲਿਖਿਆ, "ਕਿਸੇ ਵੀ ਫ਼ਿਲਮ 'ਤੇ ਪਾਬੰਦੀ ਲਗਾਉਣ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਉਸ ਨੂੰ ਦੇਖਣ ਲਈ ਹੋਰ ਜ਼ਿਆਦਾ ਉਤਾਵਲੇ ਹੋ ਜਾਂਦੇ ਹਨ। ਮੇਰਾ ਪਹਿਲਾਂ ਇਸ ਫ਼ਿਲਮ ਨੂੰ ਦੇਖਣ ਦਾ ਕੋਈ ਇਰਾਦਾ ਨਹੀਂ ਸੀ, ਪਰ ਹੁਣ ਜਦੋਂ ਇਸ 'ਤੇ ਰੋਕ ਲਗਾ ਦਿੱਤੀ ਗਈ ਹੈ, ਤਾਂ ਮੈਂ ਇਸ ਨੂੰ ਹਰ ਹਾਲ ਵਿੱਚ ਦੇਖਾਂਗਾ।"


ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਫ਼ਿਲਮ 'ਸਤਲੁਜ' ਦੇ ਪ੍ਰਚਾਰ ਲਈ ਇੱਕ ਹੋਰ ਪੋਸਟ ਪਾਈ, ਜਿਸ ਵਿੱਚ ਉਨ੍ਹਾਂ ਨੇ ਇੱਕ ਵਿਵਾਦਿਤ ਪਰ ਬੇਬਾਕ ਬਿਆਨ ਦਿੰਦੇ ਹੋਏ ਕਿਹਾ, "ਕਿਰਪਾ ਕਰਕੇ ਹਰ ਕੋਈ ਇਸ ਫ਼ਿਲਮ ਨੂੰ ਜ਼ਰੂਰ ਦੇਖੇ। ਭਾਵੇਂ ਤੁਹਾਨੂੰ ਇਹ ਪਾਈਰੇਟਿਡ (ਗ਼ੈਰ-ਕਾਨੂੰਨੀ ਲਿੰਕ ਜਾਂ ਕਾਪੀ) ਰਾਹੀਂ ਹੀ ਕਿਉਂ ਨਾ ਦੇਖਣੀ ਪਵੇ, ਪਰ ਇਸ ਨੂੰ ਪਾਈਰੇਟ ਕਰੋ ਅਤੇ ਜ਼ਰੂਰ ਦੇਖੋ।"


ਦੱਸਣਯੋਗ ਹੈ ਕਿ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੇ ਨਿਭਾਈ ਹੈ। ਉਹ 1990 ਦੇ ਦਹਾਕੇ ਦੇ ਉਸ ਦੌਰ ਨੂੰ ਪਰਦੇ 'ਤੇ ਜਿਉਂਦੇ ਕਰ ਰਹੇ ਹਨ, ਜਦੋਂ ਇੱਕ ਬੈਂਕ ਮੁਲਾਜ਼ਮ ਜਸਵੰਤ ਸਿੰਘ ਖਾਲੜਾ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇੱਕ ਵੱਡੀ ਆਵਾਜ਼ ਬਣ ਕੇ ਉੱਭਰੇ ਸਨ। ਖਾਲੜਾ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਥਿਤ ਤੌਰ 'ਤੇ ਹੋਏ ਫ਼ਰਜ਼ੀ ਪੁਲਿਸ ਮੁਕਾਬਲਿਆਂ ਅਤੇ ਲਾਵਾਰਿਸ ਦੱਸ ਕੇ ਕੀਤੇ ਗਏ ਗੁਪਤ ਸੰਸਕਾਰਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਸੀ।


ਸਾਲ 1995 ਵਿੱਚ ਜਸਵੰਤ ਸਿੰਘ ਖਾਲੜਾ ਅਚਾਨਕ ਸ਼ੱਕੀ ਹਾਲਾਤ ਵਿੱਚ ਗਾਇਬ ਹੋ ਗਏ ਸਨ। ਇਸ ਤੋਂ ਲਗਭਗ ਇੱਕ ਦਹਾਕੇ ਬਾਅਦ ਅਦਾਲਤ ਨੇ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਅਗਵਾ, ਤਸ਼ੱਦਦ ਅਤੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ, ਜਸਵੰਤ ਸਿੰਘ ਖਾਲੜਾ ਦੀ ਮ੍ਰਿਤਕ ਦੇਹ ਅੱਜ ਤੱਕ ਬਰਾਮਦ ਨਹੀਂ ਹੋ ਸਕੀ ਹੈ। ਹੁਣ ਇਸੇ ਸੰਵੇਦਨਸ਼ੀਲ ਮੁੱਦੇ 'ਤੇ ਬਣੀ ਫ਼ਿਲਮ ਨੂੰ ਓ.ਟੀ.ਟੀ. ਤੋਂ ਹਟਾਏ ਜਾਣ ਕਾਰਨ ਮਨੋਰੰਜਨ ਜਗਤ ਅਤੇ ਸਿਆਸਤ ਵਿੱਚ ਨਵਾਂ ਹੰਗਾਮਾ ਖੜ੍ਹਾ ਹੋ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.