ਤਾਜਾ ਖਬਰਾਂ
ਅਮਰੀਕੀ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਲਾਰੈਂਸ ਬਿਸ਼ਨੋਈ ਅਪਰਾਧਿਕ ਗੈਂਗ ਦੇ ਨੈੱਟਵਰਕ ਨੂੰ ਤਬਾਹ ਕਰਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਵਿੱਚ ਚਲਾਈ ਗਈ ਇਸ ਸਾਂਝੀ ਮੁਹਿੰਮ ਨੂੰ 'ਆਪ੍ਰੇਸ਼ਨ ਹਾਰਡਬਾਲ' ਦਾ ਨਾਮ ਦਿੱਤਾ ਗਿਆ ਹੈ, ਜਿਸ ਦੇ ਤਹਿਤ ਹੁਣ ਤੱਕ ਇਸ ਗੈਂਗ ਨਾਲ ਜੁੜੇ 24 ਸ਼ੱਕੀ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਇਸੇ ਕੜੀ ਦੇ ਤਹਿਤ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. (FBI) ਨੇ ਗੈਂਗ ਦੇ ਮੁੱਖ ਸਰਗਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਮਦਦ ਕਰਨ ਵਾਲੇ ਨੂੰ 50,000 ਡਾਲਰ (ਕਰੀਬ 48 ਲੱਖ ਰੁਪਏ) ਦਾ ਨਕਦ ਇਨਾਮ ਦੇਣ ਦਾ ਵੱਡਾ ਐਲਾਨ ਕੀਤਾ ਹੈ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਸ ਇਨਾਮੀ ਰਾਸ਼ੀ ਬਾਰੇ ਅਧਿਕਾਰਤ ਪੋਸਟ ਸਾਂਝੀ ਕੀਤੀ ਹੈ। ਏਜੰਸੀ ਮੁਤਾਬਕ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਦੇ ਉਸ ਸੰਗਠਿਤ ਅਪਰਾਧਿਕ ਸਮੂਹ ਦਾ ਮੁੱਖ ਹਿੱਸਾ ਹੈ ਜੋ ਦੱਖਣੀ ਕੈਲੀਫੋਰਨੀਆ ਸਮੇਤ ਪੂਰੇ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਕਥਿਤ ਤੌਰ 'ਤੇ ਸ਼ਾਮਲ ਰਿਹਾ ਹੈ। ਐਫ.ਬੀ.ਆਈ. ਨੇ ਸਪਸ਼ਟ ਕੀਤਾ ਹੈ ਕਿ ਬਰਾੜ ਦੀਆਂ ਅਪਰਾਧਿਕ ਗਤੀਵਿਧੀਆਂ ਸਿਰਫ਼ ਅਮਰੀਕਾ ਤੱਕ ਸੀਮਤ ਨਹੀਂ ਹਨ, ਬਲਕਿ ਉਸ ਦਾ ਨੈੱਟਵਰਕ ਭਾਰਤ, ਕੈਨੇਡਾ ਅਤੇ ਮੈਕਸੀਕੋ ਤੱਕ ਫੈਲਿਆ ਹੋਇਆ ਹੈ।
ਐਫ.ਬੀ.ਆਈ. ਦੇ ਇਸ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਅਮਰੀਕੀ ਨਿਆਂ ਵਿਭਾਗ ਵੱਲੋਂ ਇੱਕ ਹੋਰ ਸਨਸਨੀਖੇਜ਼ ਖੁਲਾਸਾ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ 18 ਜੂਨ, 2023 ਨੂੰ ਕੈਨੇਡਾ ਵਿੱਚ ਹੋਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਵੀ ਲਗਾਇਆ ਹੈ। ਨਿਆਂ ਵਿਭਾਗ ਦੇ ਦਸਤਾਵੇਜ਼ਾਂ ਅਨੁਸਾਰ, ਇਸ ਮਾਮਲੇ ਵਿੱਚ ਤਿੰਨ ਸੰਘੀ ਦੋਸ਼ਾਂ ਤਹਿਤ ਕੁੱਲ 37 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 24 ਸਲਾਖਾਂ ਦੇ ਪਿੱਛੇ ਪਹੁੰਚ ਚੁੱਕੇ ਹਨ ਅਤੇ 10 ਮੁਲਜ਼ਮ ਅਜੇ ਵੀ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਹਨ। ਭਾਰਤ ਨਾਲ ਜੁੜੇ ਇਨ੍ਹਾਂ ਅਪਰਾਧਿਕ ਸਮੂਹਾਂ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਾ ਤਸਕਰੀ, ਅਗਵਾ, ਜਬਰੀ ਵਸੂਲੀ (ਫ਼ਿਰੌਤੀ) ਅਤੇ ਕਤਲ ਵਰਗੇ ਸੰਗੀਨ ਜ਼ੁਰਮਾਂ ਦੇ ਇਲਜ਼ਾਮ ਹਨ, ਜਿਸ ਕਾਰਨ ਹੁਣ ਪੱਛਮੀ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਇਨ੍ਹਾਂ ਖ਼ਿਲਾਫ਼ ਇੱਕਜੁੱਟ ਹੋ ਕੇ ਐਕਸ਼ਨ ਲੈ ਰਹੀਆਂ ਹਨ।
Get all latest content delivered to your email a few times a month.