ਤਾਜਾ ਖਬਰਾਂ
ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਰਕਾਰੀ ਅਧਿਆਪਕ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਧਿਆਪਕ ਨੇ ਕਥਿਤ ਤੌਰ 'ਤੇ SIR ਡਿਊਟੀ ਦੇ ਵੱਧ ਰਹੇ ਦਬਾਅ ਕਾਰਨ ਇਹ ਕਦਮ ਚੁੱਕਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪੁਲਿਸ ਦੇ ਨਾਲ-ਨਾਲ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ ਵਿੱਚ ਅਧਿਆਪਕ ਦੀ ਭਾਲ ਕੀਤੀ ਜਾ ਰਹੀ ਹੈ।
ਛਾਲ ਮਾਰਨ ਵਾਲੇ ਅਧਿਆਪਕ ਦੀ ਪਛਾਣ ਗੁਰਪ੍ਰੀਤ ਸਿੰਘ, ਪੁੱਤਰ ਮਹਿੰਦਰ ਸਿੰਘ, ਵਾਸੀ ਪਿੰਡ ਸੱਲੋਪੁਰ ਵਜੋਂ ਹੋਈ ਹੈ, ਜੋ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਅੱਜ ਸਵੇਰੇ ਸਭਰਾਓਂ ਬ੍ਰਾਂਚ ਨਹਿਰ ਦੇ ਭੱਟੀਆਂ ਪੁਲ ਕੋਲ ਆਪਣੀ ਕਾਰ ਖੜ੍ਹੀ ਕਰਕੇ ਨਹਿਰ ਵੱਲ ਗਏ ਅਤੇ ਉਸ ਤੋਂ ਬਾਅਦ ਛਾਲ ਮਾਰ ਦਿੱਤੀ।
ਘਟਨਾ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਫ਼ੋਨ ਕਰਕੇ ਆਪਣੀ ਮਾਨਸਿਕ ਪਰੇਸ਼ਾਨੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ SIR ਡਿਊਟੀ ਨਾਲ ਜੁੜਿਆ ਕੰਮ ਸਮੇਂ ਸਿਰ ਪੂਰਾ ਨਾ ਹੋਣ ਕਾਰਨ ਉਹ ਕਾਫ਼ੀ ਦਬਾਅ ਅਤੇ ਤਣਾਅ ਵਿੱਚ ਹਨ। ਫ਼ੋਨ 'ਤੇ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਪਰੇਸ਼ਾਨੀ ਕਾਰਨ ਨਹਿਰ ਵਿੱਚ ਛਾਲ ਮਾਰਨ ਜਾ ਰਹੇ ਹਨ।
ਸੂਚਨਾ ਮਿਲਣ 'ਤੇ ਸਾਥੀ ਅਧਿਆਪਕ, ਪਿੰਡ ਦੇ ਸਰਪੰਚ ਕੌਸ਼ਲ ਸਿੰਘ ਅਤੇ ਹੋਰ ਲੋਕ ਮੌਕੇ 'ਤੇ ਪਹੁੰਚੇ। ਸਰਪੰਚ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਫ਼ੋਨ 'ਤੇ ਆਪਣੀ ਕਾਰ ਭੱਟੀਆਂ ਪੁਲ ਨੇੜੇ ਖੜ੍ਹੀ ਹੋਣ ਅਤੇ ਉਸ ਵਿੱਚ ਆਪਣਾ ਸਮਾਨ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ।
ਇਸ ਦੌਰਾਨ ਨਹਿਰ ਦੇ ਨੇੜੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਕਿਸਾਨ ਨੇ ਵੀ ਪੁਸ਼ਟੀ ਕੀਤੀ ਕਿ ਉਸ ਨੇ ਇੱਕ ਵਿਅਕਤੀ ਨੂੰ ਕਾਰ ਖੜ੍ਹੀ ਕਰਕੇ ਨਹਿਰ ਵੱਲ ਜਾਂਦੇ ਦੇਖਿਆ ਸੀ, ਪਰ ਉਸ ਸਮੇਂ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਇੰਨਾ ਵੱਡਾ ਕਦਮ ਚੁੱਕਣ ਜਾ ਰਿਹਾ ਹੈ।
ਫ਼ਿਲਹਾਲ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਦਕਿ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਅਧਿਕਾਰੀਆਂ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਅੰਤਿਮ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।
Get all latest content delivered to your email a few times a month.