ਤਾਜਾ ਖਬਰਾਂ
ਪੰਚਕੂਲਾ ਦੇ ਸੈਕਟਰ 26 ਇਲਾਕੇ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਮਾਸੂਮ ਬੱਚਿਆਂ ਨਾਲ ਨੱਕੋ-ਨੱਕ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਸੰਤੁਲਨ ਖੋਹਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫ਼ਤਾਰ ਬੱਸ ਨੇ ਸੜਕ ਕਿਨਾਰੇ ਖੜ੍ਹੀਆਂ ਕਰੀਬ 6 ਗੱਡੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਪਰਮਾਤਮਾ ਦਾ ਸ਼ੁਕਰ ਰਿਹਾ ਕਿ ਇਸ ਭਿਆਨਕ ਟੱਕਰ ਦੇ ਬਾਵਜੂਦ ਬੱਸ ਵਿੱਚ ਸਵਾਰ ਕਿਸੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਇੱਕ ਬਹੁਤ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਜਾਣਕਾਰੀ ਮੁਤਾਬਕ ਇਹ ਹਾਦਸਾ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਬੱਸ ਨਾਲ ਵਾਪਰਿਆ, ਜਿਸ ਵਿੱਚ ਉਸ ਵੇਲੇ ਤਕਰੀਬਨ 20 ਸਕੂਲੀ ਬੱਚੇ ਮੌਜੂਦ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਘਰਾਂ ਦੇ ਬਾਹਰ ਲਾਈਨ ਵਿੱਚ ਖੜ੍ਹੀਆਂ ਚਾਰ ਕਾਰਾਂ ਸਮੇਤ ਹੋਰ ਵਾਹਨਾਂ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ, ਜਿਸ ਨੂੰ ਦੇਖ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ।
ਆਪਣੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਹੋਈ ਭੰਨ-ਤੋੜ ਨੂੰ ਦੇਖ ਕੇ ਸਥਾਨਕ ਨਿਵਾਸੀਆਂ ਦਾ ਗੁੱਸਾ ਭੜਕ ਗਿਆ। ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਬੱਸ ਚਾਲਕ ਨੂੰ ਮੌਕੇ 'ਤੇ ਹੀ ਘੇਰ ਕੇ ਕਾਬੂ ਕਰ ਲਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਚੰਡੀਮੰਦਰ ਥਾਣੇ ਦੀ ਪੁਲਿਸ ਫੋਰਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ।
ਦੂਜੇ ਪਾਸੇ, ਹਾਦਸੇ ਦੀ ਭਣਕ ਲੱਗਦਿਆਂ ਹੀ ਸਕੂਲ ਪ੍ਰਬੰਧਕਾਂ ਵਿੱਚ ਭਾਜੜ ਮਚ ਗਈ। ਪ੍ਰਬੰਧਕਾਂ ਨੇ ਫ਼ੌਰੀ ਕਾਰਵਾਈ ਕਰਦੇ ਹੋਏ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸਕੂਲ ਪਹੁੰਚਾਉਣ ਲਈ ਤੁਰੰਤ ਦੂਜੀ ਬੱਸ ਦਾ ਇੰਤਜ਼ਾਮ ਕੀਤਾ। ਪੁਲਿਸ ਪੁੱਛਗਿੱਛ ਦੌਰਾਨ ਬੱਸ ਡਰਾਈਵਰ ਨੇ ਦਾਅਵਾ ਕੀਤਾ ਕਿ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਸ ਦੀ ਸਟੀਅਰਿੰਗ ਤੋਂ ਉਸ ਦਾ ਕੰਟਰੋਲ ਛੁੱਟ ਗਿਆ ਸੀ। ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.