ਤਾਜਾ ਖਬਰਾਂ
ਪੰਜਾਬ ਭਰ ਵਿੱਚ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ 12 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਉਂਦਿਆਂ ਹਾਈ ਅਲਰਟ ਜਾਰੀ ਕੀਤਾ ਹੈ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਦਿਨ ਦੇ ਤਾਪਮਾਨ ਵਿੱਚ 5 ਡਿਗਰੀ ਸੈਲਸੀਅਸ ਤੱਕ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਦੱਸਣਯੋਗ ਹੈ ਕਿ ਹਾਲੀਆ ਬਾਰਿਸ਼ ਕਾਰਨ ਸੂਬੇ ਵਿੱਚ ਇਸ ਵੇਲੇ ਵੀ ਔਸਤ ਪਾਰਾ ਆਮ ਨਾਲੋਂ 2.1 ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ।
ਮੌਸਮ ਕੇਂਦਰ ਅਨੁਸਾਰ ਮੰਗਲਵਾਰ ਤੋਂ ਸ਼ੁਰੂ ਹੋ ਕੇ ਅਗਲੇ ਤਿੰਨ ਦਿਨਾਂ ਤੱਕ ਸੂਬੇ ਦੇ 6 ਖ਼ਾਸ ਜ਼ਿਲ੍ਹਿਆਂ ਵਿੱਚ ਮੂਸਲਾਧਾਰ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ) ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਲਈ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਇਲਾਕਿਆਂ ਤੋਂ ਇਲਾਵਾ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੇ ਆਸਾਰ ਹਨ।
ਮੌਸਮ ਦੇ ਬਦਲਦੇ ਸਮੀਕਰਨਾਂ ਮੁਤਾਬਕ 10 ਜੁਲਾਈ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲਵਾਈ ਰਹਿਣ ਅਤੇ ਹਲਕੀਆਂ ਕਣੀਆਂ ਪੈਣ ਦੀ ਉਮੀਦ ਹੈ। ਪਰ ਇਸ ਤੋਂ ਬਾਅਦ 11 ਅਤੇ 12 ਜੁਲਾਈ ਨੂੰ ਮਾਨਸੂਨ ਪੂਰੇ ਸ਼ਬਾਬ 'ਤੇ ਹੋਵੇਗਾ, ਜਿਸ ਕਾਰਨ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਜ਼ੋਰਦਾਰ ਬਾਰਿਸ਼ ਨਾਲ ਜਿੱਥੇ ਆਮ ਜਨਤਾ ਨੂੰ ਅੱਤ ਦੀ ਗਰਮੀ ਤੋਂ ਨਿਜਾਤ ਮਿਲੇਗੀ, ਉੱਥੇ ਹੀ ਝੋਨੇ ਦੀ ਲਵਾਈ ਵਿੱਚ ਜੁਟੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਲੰਘੇ ਸੋਮਵਾਰ ਨੂੰ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਰਿਮਝਿਮ ਨੇ ਗਰਮੀ ਦੇ ਤੇਵਰ ਢਿੱਲੇ ਕੀਤੇ, ਜਿਸ ਨਾਲ ਪਾਰੇ ਵਿੱਚ 1.7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ। ਬੀਤੇ ਦਿਨ ਪਟਿਆਲਾ ਵਿੱਚ ਸਭ ਤੋਂ ਵੱਧ 25.2 ਮਿਲੀਮੀਟਰ, ਮੋਹਾਲੀ ਵਿੱਚ 18.0 ਮਿਲੀਮੀਟਰ, ਲੁਧਿਆਣਾ ਵਿੱਚ 2.2 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 0.5 ਮਿਲੀਮੀਟਰ ਅਤੇ ਪਠਾਨਕੋਟ ਵਿੱਚ 0.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਦੌਰਾਨ ਮਾਲਵਾ ਦਾ ਬਠਿੰਡਾ ਸ਼ਹਿਰ 39.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੂਰੇ ਪੰਜਾਬ ਵਿੱਚ ਸਭ ਤੋਂ ਗਰਮ ਸਥਾਨ ਰਿਹਾ।
Get all latest content delivered to your email a few times a month.