IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਢਾਈ ਏਕੜ ਜ਼ਮੀਨ ਵੇਚ ਕੇ ਕੈਨੇਡਾ ਤੋਰਿਆ ਸੀ ਇਕਲੌਤਾ ਪੁੱਤਰ;...

ਢਾਈ ਏਕੜ ਜ਼ਮੀਨ ਵੇਚ ਕੇ ਕੈਨੇਡਾ ਤੋਰਿਆ ਸੀ ਇਕਲੌਤਾ ਪੁੱਤਰ; ਮਾਂਟਰੀਅਲ ਦੀ ਨਹਿਰ 'ਚ ਵਾਪਰੇ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪੰਜਾਬੀ ਪਰਿਵਾਰ

Admin User - Jul 07, 2026 11:31 AM
IMG

ਰੋਜ਼ੀ-ਰੋਟੀ ਦੀ ਭਾਲ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਨਾਲ ਜੁੜੀ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਖੇ ਇੱਕ ਨਹਿਰ ਵਿੱਚ ਡੁੱਬ ਜਾਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਜਦਕਿ ਦੂਜਾ ਮ੍ਰਿਤਕ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਬੁਟਾਲਾ ਅਧੀਨ ਪੈਂਦੇ ਪਿੰਡ ਨੌਰੰਗਪੁਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ, ਜਿਸ ਦੇ ਨਾਮ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।


ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਦੋਸਤ ਮਾਂਟਰੀਅਲ ਦੀ ਪ੍ਰਸਿੱਧ 'ਲਾਚੀਨੇ ਨਹਿਰ' (Lachine Canal) ਦੇ ਨੇੜੇ ਮੌਜੂਦ ਸਨ। ਇਸੇ ਦੌਰਾਨ ਅੰਮ੍ਰਿਤਸਰ ਨਾਲ ਸਬੰਧਤ ਨੌਜਵਾਨ ਦਾ ਪੈਰ ਅਚਾਨਕ ਫਿਸਲ ਗਿਆ ਅਤੇ ਉਹ ਤੇਜ਼ ਵਹਾਅ ਵਾਲੇ ਪਾਣੀ ਵਿੱਚ ਜਾ ਡਿੱਗਿਆ। ਆਪਣੇ ਜਿਗਰੀ ਦੋਸਤ ਨੂੰ ਡੁੱਬਦਾ ਦੇਖ ਲਵਪ੍ਰੀਤ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੂੰ ਕੱਢਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਅਫ਼ਸੋਸ, ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਸਤ ਨੂੰ ਬਚਾਉਣ ਦੀ ਜੱਦੋਜਹਿਦ ਕਰਦਾ ਹੋਇਆ ਲਵਪ੍ਰੀਤ ਖ਼ੁਦ ਵੀ ਡੂੰਘੇ ਪਾਣੀ ਦੀ ਲਪੇਟ ਵਿੱਚ ਆ ਗਿਆ।


ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਬਚਾਅ ਦਲ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ। ਸਖ਼ਤ ਮੁਸ਼ੱਕਤ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਨੇਡਾ ਵਿੱਚ ਵਰਕ ਪਰਮਿਟ 'ਤੇ ਰਹਿ ਰਿਹਾ ਲਵਪ੍ਰੀਤ ਸਿੰਘ ਉੱਥੇ ਇੱਕ ਨਿਜੀ ਕੰਪਨੀ ਵਿੱਚ ਟ੍ਰੇਲਰ ਡਰਾਈਵਰ ਵਜੋਂ ਨੌਕਰੀ ਕਰ ਰਿਹਾ ਸੀ ਅਤੇ ਆਪਣੀ ਮਿਹਨਤ ਸਦਕਾ ਪੈਰ ਜਮਾਉਣ ਦੀ ਕੋਸ਼ਿਸ਼ ਵਿੱਚ ਸੀ।


ਇਸ ਕਿਆਮਤ ਵਰਗੀ ਖ਼ਬਰ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ। ਲਵਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਸਾਬਕਾ ਫ਼ੌਜੀ ਪਿਤਾ ਬਲਬੀਰ ਸਿੰਘ ਨੇ ਆਪਣੇ ਪੁੱਤ ਦੇ ਉੱਜਵਲ ਭਵਿੱਖ ਅਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਸਾਢੇ ਢਾਈ ਏਕੜ ਜ਼ਮੀਨ ਵੇਚ ਕੇ ਉਸ ਨੂੰ 12ਵੀਂ ਤੋਂ ਬਾਅਦ ਕੈਨੇਡਾ ਭੇਜਿਆ ਸੀ। ਅੱਜ ਬਜ਼ੁਰਗ ਮਾਪਿਆਂ ਦੀ ਜ਼ਮੀਨ ਵੀ ਚਲੀ ਗਈ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਇੱਕੋ-ਇੱਕ ਸਹਾਰਾ ਵੀ ਹਮੇਸ਼ਾ ਲਈ ਖ਼ਤਮ ਹੋ ਗਿਆ।


ਘਰ ਦੇ ਚਿਰਾਗ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮ੍ਰਿਤਕ ਦੀ ਮਾਂ, ਪਿਤਾ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਨੇ ਤਕਰੀਬਨ 10 ਦਿਨ ਪਹਿਲਾਂ ਫ਼ੋਨ 'ਤੇ ਘਰ ਸਭ ਦਾ ਹਾਲ-ਚਾਲ ਪੁੱਛਿਆ ਸੀ ਅਤੇ ਜਲਦੀ ਸਭ ਠੀਕ ਕਰਨ ਦਾ ਭਰੋਸਾ ਦਿੱਤਾ ਸੀ। ਪਰਿਵਾਰ ਨੇ ਹੁਣ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਮਾਪੇ ਅੰਤਿਮ ਵਾਰ ਆਪਣੇ ਪੁੱਤ ਦਾ ਮੂੰਹ ਦੇਖ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.