ਤਾਜਾ ਖਬਰਾਂ
ਜਲੰਧਰ ਦੇ ਆਦਮਪੁਰ ਹਲਕੇ ਅਧੀਨ ਪੈਂਦੇ ਪਿੰਡ ਡਰੋਲੀ ਕਲਾਂ ਵਿੱਚ ਦਿਨ-ਦਿਹਾੜੇ ਹੋਏ ਕਤਲ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸਵੇਰੇ ਕਰੀਬ 11 ਵਜੇ ਦਵਿੰਦਰ ਸਿੰਘ ਉਰਫ਼ ਬਾਜਾ, ਜੋ ਡਮੁੰਡਾ ਦਾ ਰਹਿਣ ਵਾਲਾ ਸੀ, ਮਨਪ੍ਰੀਤ ਸਿੰਘ ਉਰਫ਼ ਗੰਗੂ ਦੇ ਘਰ ਪਹੁੰਚਿਆ। ਕੁਝ ਸਮੇਂ ਬਾਅਦ ਘਰ ਦੇ ਇੱਕ ਕਮਰੇ ਵਿੱਚ ਗੋਲੀਬਾਰੀ ਹੋਈ, ਜਿਸ ਦੌਰਾਨ ਬਾਜਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਆਦਮਪੁਰ ਪੁਲਿਸ ਅਤੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਗੰਗੂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ ਤਿੰਨ ਸਾਥੀਆਂ ਹਰਮਨ, ਵਰੁਣ ਅਤੇ ਆਕਾਸ਼ ਦੀ ਪਛਾਣ ਕਰ ਲਈ ਗਈ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਵਾਰਦਾਤ ਸਮੇਂ ਘਰ ਦੇ ਅੰਦਰ ਕੁੱਲ ਪੰਜ ਵਿਅਕਤੀ ਮੌਜੂਦ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗਲੌਕ 9 ਐੱਮ.ਐੱਮ. ਪਿਸਤੌਲ ਨਾਲ ਕਰੀਬ 10 ਤੋਂ 12 ਰਾਊਂਡ ਫਾਇਰ ਕੀਤੇ ਗਏ, ਜਿਸ ਕਾਰਨ ਕਮਰੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ।
ਪੁਲਿਸ ਮੁਤਾਬਕ ਮ੍ਰਿਤਕ ਦਵਿੰਦਰ ਸਿੰਘ ਉਰਫ਼ ਬਾਜਾ ਇੱਕ ਹਾਰਡਕੋਰ ਅਪਰਾਧੀ ਸੀ, ਜੋ ਹਾਲ ਹੀ ਵਿੱਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਤਿੰਨ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਪਹਿਲਾਂ ਇੱਕ ਪੁਲਿਸ ਮੁਕਾਬਲੇ ਦੌਰਾਨ ਵੀ ਗ੍ਰਿਫ਼ਤਾਰ ਹੋ ਚੁੱਕਾ ਸੀ।
ਮੁੱਢਲੀ ਜਾਂਚ ਵਿੱਚ ਕਤਲ ਦੀ ਵਜ੍ਹਾ ਪੁਰਾਣੀ ਨਿੱਜੀ ਰੰਜਿਸ਼ ਸਾਹਮਣੇ ਆ ਰਹੀ ਹੈ। ਇਸ ਸਬੰਧੀ ਥਾਣਾ ਆਦਮਪੁਰ ਵਿੱਚ ਕੇਸ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
Get all latest content delivered to your email a few times a month.