IMG-LOGO
ਹੋਮ ਪੰਜਾਬ: ਹੁਸ਼ਿਆਰਪੁਰ 'ਚ ਆਵਾਰਾ ਕੁੱਤਿਆਂ ਦੇ ਝੁੰਡ ਨੇ 4 ਸਾਲਾ ਬੱਚੀ...

ਹੁਸ਼ਿਆਰਪੁਰ 'ਚ ਆਵਾਰਾ ਕੁੱਤਿਆਂ ਦੇ ਝੁੰਡ ਨੇ 4 ਸਾਲਾ ਬੱਚੀ ਨੂੰ ਨੋਚ-ਨੋਚ ਮਾਰਿਆ, ਇਲਾਕੇ 'ਚ ਸੋਗ ਦੀ ਲਹਿਰ

Admin User - Jul 06, 2026 06:16 PM
IMG

ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਇੱਕ ਚਾਰ ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ। ਬੱਚੀ ਆਪਣੇ ਮਾਪਿਆਂ ਨਾਲ ਖੇਤ ਵਿੱਚ ਗਈ ਹੋਈ ਸੀ, ਜਿੱਥੇ ਉਹ ਮਜ਼ਦੂਰੀ ਕਰ ਰਹੇ ਸਨ। ਇਹ ਘਟਨਾ ਐਤਵਾਰ ਸ਼ਾਮ ਕਰੀਬ 5:30 ਵਜੇ ਬਸੀ ਜਲਾਲ ਪਿੰਡ ਨੇੜੇ ਵਾਪਰੀ।

ਮ੍ਰਿਤਕ ਬੱਚੀ ਦੀ ਪਛਾਣ ਗੁਨਗੁਨ ਵਜੋਂ ਹੋਈ ਹੈ। ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਧਿਆਨਪੁਰ ਪਿੰਡ ਦਾ ਵਸਨੀਕ ਹੈ ਅਤੇ ਇਸ ਸਮੇਂ ਦਸੂਹਾ ਦੇ ਬਸੀ ਜਲਾਲ ਪਿੰਡ ਵਿੱਚ ਰਹਿ ਕੇ ਦਿਹਾੜੀ-ਮਜ਼ਦੂਰੀ ਕਰਦਾ ਹੈ। ਗੁਨਗੁਨ ਦੇ ਮਾਪੇ ਰਾਮ ਜੀਵਨ ਅਤੇ ਪ੍ਰੀਤੀ ਇੱਕ ਕਿਸਾਨ ਦੇ ਖੇਤ ਵਿੱਚ ਝੋਨਾ ਲਗਾਉਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਬੱਚੀ ਨੂੰ ਕੰਮ ਵਾਲੀ ਥਾਂ ਤੋਂ ਲਗਭਗ 100 ਮੀਟਰ ਦੂਰ ਮੋਟਰ ਪੰਪ ਕੋਲ ਇੱਕ ਦਰੱਖਤ ਦੀ ਛਾਂ ਹੇਠ ਸੁਲਾ ਦਿੱਤਾ ਸੀ।

ਇਸੇ ਦੌਰਾਨ ਸੱਤ ਦੇ ਕਰੀਬ ਆਵਾਰਾ ਕੁੱਤਿਆਂ ਦੇ ਝੁੰਡ ਨੇ ਗੁਨਗੁਨ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੁਝ ਦੂਰੀ ਤੱਕ ਘਸੀਟ ਕੇ ਲੈ ਗਏ। ਬੱਚੀ ਦੀਆਂ ਚੀਕਾਂ ਸੁਣ ਕੇ ਮਾਪੇ ਅਤੇ ਹੋਰ ਲੋਕ ਮੌਕੇ 'ਤੇ ਪਹੁੰਚੇ ਅਤੇ ਕੁੱਤਿਆਂ ਨੂੰ ਭਜਾ ਕੇ ਗੰਭੀਰ ਜ਼ਖਮੀ ਹਾਲਤ ਵਿੱਚ ਬੱਚੀ ਨੂੰ ਬਚਾਇਆ।

ਪਰਿਵਾਰ ਵੱਲੋਂ ਗੁਨਗੁਨ ਨੂੰ ਪਹਿਲਾਂ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ।

ਗੌਰਤਲਬ ਹੈ ਕਿ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੇ ਹਮਲਿਆਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ 6 ਮਈ ਨੂੰ ਨੇੜਲੇ ਪਿੰਡ ਖਰਲ ਖੁਰਦ ਵਿੱਚ ਵੀ ਇੱਕ ਪ੍ਰਵਾਸੀ ਮਜ਼ਦੂਰ ਦੀ ਛੋਟੀ ਧੀ ਦੀ ਆਵਾਰਾ ਕੁੱਤਿਆਂ ਦੇ ਹਮਲੇ ਵਿੱਚ ਜਾਨ ਚਲੀ ਗਈ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਮੰਗ ਉੱਠ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.