ਤਾਜਾ ਖਬਰਾਂ
ਚੰਡੀਗੜ੍ਹ, 6 ਜੁਲਾਈ :
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਕੁਝ ਦਿਨਾਂ ਵਿੱਚ ਹੀ “ਓਟੀਟੀ’’ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਪੁੱਛਦਿਆਂ ਕਿਹਾ ਕਿ ਕੇਂਦਰ ਸਰਕਾਰ ਸੱਚ ਤੋਂ ਇੰਨਾ ਡਰਦੀ ਕਿਉਂ ਹੈ?
ਉਨ੍ਹਾਂ ਅੱਗੇ ਦੱਸਿਆ ਕਿ ਕਾਂਗਰਸ ਦੇ ਰਾਜ ਦੌਰਾਨ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਣਗਿਣਤ ਨੌਜਵਾਨ ਗਾਇਬ ਹੋ ਗਏ। ਕਈ ਮਾਵਾਂ ਆਪਣੇ ਪੁੱਤਰਾਂ ਦੀ ਉਡੀਕ ਵਿੱਚ ਜਹਾਨ ਤੋਂ ਕੂਚ ਕਰ ਗਈਆਂ। ਕਿੰਨੇ ਹੀ ਪਰਿਵਾਰਾਂ ਨੂੰ ਅੱਜ ਤੱਕ ਆਪਣੇ ਬੱਚਿਆਂ ਦਾ ਮੌਤ ਦਾ ਸਰਟੀਫਿਕੇਟ ਤੱਕ ਨਹੀਂ ਮਿਲਿਆ। ਇਨਸਾਫ਼ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਦੇ ਦਰਦ ਵੀ ਕੇਂਦਰ ਸਰਕਾਰ ਨੇ ਅੱਖੋਂ ਪਰੋਖੇ ਕਰ ਦਿੱਤਾ।
ਇਹ ਸਾਡੇ ਪੰਜਾਬ ਦੇ ਇਤਿਹਾਸ ਦਾ ਕਾਲਾ ਅਧਿਆਇ ਹੈ, ਜਿਸ ਬਾਰੇ ਹਰ ਪੰਜਾਬੀ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਇਨ੍ਹਾਂ ਘਟਨਾਵਾਂ ’ਤੇ ਆਧਾਰਿਤ ‘ਸਤਲੁਜ’ ਵਰਗੀ ਫਿਲਮ ਨੂੰ ਪਿਛਲੇ ਤਿੰਨ ਸਾਲਾਂ ਤੋਂ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਸੈਂਸਰ ਬੋਰਡ ਵੱਲੋਂ ਇਸ ਫਿਲਮ ’ਤੇ 127 ਕੱਟ ਲਗਾਏ ਗਏ ਸਨ। ਪਰ ਦੂਜੇ ਪਾਸੇ, ‘ਕੇਰਲਾ ਸਟੋਰੀ’, ‘ਕਸ਼ਮੀਰ ਫਾਈਲਜ਼’ ਅਤੇ ‘ਧੁਰੰਧਰ’ ਵਰਗੀਆਂ ਫਿਲਮਾਂ ਬਿਨਾਂ ਕਿਸੇ ਰੁਕਾਵਟ ਦੇ ਰਿਲੀਜ਼ ਕੀਤੀਆਂ ਗਈਆਂ ।
ਸਪੀਕਰ ਸੰਧਵਾਂ ਨੇ ਕਿਹਾ ਕਿ ਜਦੋਂ ‘ਸਤਲੁਜ’ ਬਿਨਾਂ ਕਿਸੇ ਕੱਟ ਦੇ “ਓਟੀਟੀ’’ ’ਤੇ ਆਈ ਤਾਂ ਇਸਨੂੰ ਤੁਰੰਤ ਹਟਾ ਦਿੱਤਾ ਗਿਆ। ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਦਰਦ ਅਤੇ ਪੰਜਾਬ ਦੇ ਸੱਚ ਤੋਂ ਇੰਨਾ ਡਰ ਕਿਉਂ ਲਗਦਾ ਹੈ?
ਉਨ੍ਹਾਂ ਕਾਂਗਰਸ ਨੂੰ ਘੇਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਰਾਜ ਦੌਰਾਨ ਮਾਰੇ ਗਏ ਹਜ਼ਾਰਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਕਦੋਂ ਮਿਲੇਗਾ। ਸੰਧਵਾਂ ਨੇ ਕਿਹਾ,‘‘ਇੱਕ ਸੱਚੀ ਕਹਾਣੀ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਲੋਕਤੰਤਰ ਨਾਲ ਵਿਸ਼ਵਾਸਘਾਤ ਹੈ। ਇਹ ਸੱਚ ਨੂੰ ਦਬਾਉਣ ਦੀ ਸੋਚੀ-ਸਮਝੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੈ’’ ।
ਉਨ੍ਹਾਂ ਅੱਗੇ ਦੱਸਿਆ ਕਿ ਸਤਲੁਜ ਫਿਲਮ ਕਾਲਪਨਿਕ ਨਹੀਂ ਹੈ ਸਗੋਂ ਤੱਥਾਂ ਤੇ ਅਧਾਰਤ ਦਸਤਾਵੇਜ਼ੀ ਕਹਾਣੀ ਹੈ। ਇਹ ਫਿਲਮ ਪੂਰੀ ਤਰ੍ਹਾਂ ਸੀਬੀਆਈ ਜਾਂਚ ਅਤੇ ਅਧਿਕਾਰਤ ਅਦਾਲਤੀ ਦਸਤਾਵੇਜ਼ਾਂ ’ਤੇ ਅਧਾਰਤ ਹੈ, ਜੋ ਕਿ ਇੱਕ ਤਲਖ਼ ਸੱਚਾਈ ਨੂੰ ਬੇਪਰਦਾ ਕਰਦੀ ਹੈ ।
ਇਤਿਹਾਸਕ ਤੌਰ ’ਤੇ, ਕਾਂਗਰਸ ਪਾਰਟੀ ਨੇ ਪੰਜਾਬ ਵਿਰੁੱਧ ਇਹ ਹਮਲਾਵਰ ਰੁਖ਼ ਅਪਣਾਇਆ ਸੀ। ਹੁਣ ਅਹਿਮ ਸਵਾਲ ਇਹ ਹੈ ਕਿ ਕੀ ਭਾਜਪਾ ਵੀ ਉਸੇ ਰਾਹ ’ਤੇ ਚੱਲ ਰਹੀ ਹੈ, ਪਿਛਲੀਆਂ ਨੀਤੀਆਂ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਪੁਰਾਣੇ ਜ਼ਖ਼ਮਾਂ ਕੁਰੇਦ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਕੌਮ ਦੇ ਸ਼ਹੀਦ ਹਨ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਕੁਰਬਾਨੀ ਬਾਰੇ ਪਤਾ ਹੋਣਾ ਚਾਹੀਦਾ ਹੈ। ਹੁਣ ਪੰਜਾਬ ਨੂੰ ਇਨਸਾਫ਼ ਦੀ ਲੋੜ ਹੈ। ਪੰਜਾਬ ਦੀ ਸੱਚਾਈ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ।
Get all latest content delivered to your email a few times a month.