IMG-LOGO
ਹੋਮ ਪੰਜਾਬ: ਵਿਸ਼ਾਲ ਪੰਥਕ ਇਕੱਠ ’ਚ ਪਾਸ ਹੋਇਆ ਗੁਰਮਤਾ, SGPC ਪ੍ਰਧਾਨ ਧਾਮੀ...

ਵਿਸ਼ਾਲ ਪੰਥਕ ਇਕੱਠ ’ਚ ਪਾਸ ਹੋਇਆ ਗੁਰਮਤਾ, SGPC ਪ੍ਰਧਾਨ ਧਾਮੀ ਨੇ ਕੀਤਾ ਹਰ ਹਲਕੇ ’ਚ ਪੰਥਕ ਇਕੱਠ ਕਰਵਾਉਣ ਦਾ ਐਲਾਨ

Admin User - Jul 05, 2026 04:13 PM
IMG

ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਏ ਵਿਸ਼ਾਲ ਪੰਥਕ ਇਕੱਠ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਸਾਹਮਣੇ ਗੁਰਮਤਾ ਪੇਸ਼ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਦਾ ਸੱਦਾ ਦਿੱਤਾ। ਗੁਰਮਤੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਅਤੇ ਪੰਥਕ ਸੰਸਥਾ ਕਰਾਰ ਦਿੰਦਿਆਂ ਕਿਹਾ ਗਿਆ ਕਿ ਇਹ ਸਿਰਫ਼ ਇੱਕ ਧਾਰਮਿਕ ਅਸਥਾਨ ਨਹੀਂ, ਸਗੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਉਹ ਮਹਾਨ ਸੰਸਥਾ ਹੈ, ਜਿਸ ਨੇ ਚਾਰ ਸਦੀਆਂ ਤੋਂ ਸਿੱਖ ਕੌਮ ਨੂੰ ਹਰ ਸੰਕਟ ਵੇਲੇ ਅਗਵਾਈ ਦਿੱਤੀ ਹੈ ਅਤੇ ਖਾਲਸਾ ਪੰਥ ਦੀ ਮਰਿਆਦਾ, ਸਵੈਮਾਨ ਅਤੇ ਏਕਤਾ ਦੀ ਰੱਖਿਆ ਕੀਤੀ ਹੈ।

ਗੁਰਮਤੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਆਦੇਸ਼ ਨੂੰ ਸਮੁੱਚੇ ਪੰਥ ਦੀ ਸਾਂਝੀ ਆਵਾਜ਼ ਵਜੋਂ ਸਵੀਕਾਰ ਕਰਨ ਦੀ ਗੱਲ ਕਹੀ ਗਈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੁੜੇ ਵਿਵਾਦ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇ ਰਹੇ ਹਨ, ਜਿਸ ਦੀ ਪੰਥਕ ਇਕੱਠ ਵੱਲੋਂ ਨਿੰਦਾ ਕੀਤੀ ਗਈ।

ਗੁਰਮਤੇ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਗੁਰਮਤਿਆਂ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਧਾਰਮਿਕ ਅਤੇ ਕੌਮੀ ਫ਼ਰਜ਼ ਹੈ ਅਤੇ ਕਿਸੇ ਵੀ ਰਾਜਨੀਤਿਕ ਤਾਕਤ ਜਾਂ ਵਿਅਕਤੀ ਵੱਲੋਂ ਇਸ ਦੀ ਮਾਣ-ਮਰਿਆਦਾ ਨੂੰ ਚੁਣੌਤੀ ਦੇਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਕੱਠ ਦੌਰਾਨ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਐਸਜੀਪੀਸੀ ਦੇ ਹਰ ਹਲਕੇ ਵਿੱਚ ਵਿਸ਼ਾਲ ਪੰਥਕ ਇਕੱਠ ਕਰਵਾਏ ਜਾਣਗੇ, ਜਿਨ੍ਹਾਂ ਰਾਹੀਂ ਸੰਗਤ ਨੂੰ ਸਿੱਖ ਕੌਮ ਨਾਲ ਜੁੜੇ ਅਹਿਮ ਮੁੱਦਿਆਂ ਅਤੇ ਕਥਿਤ ਸਾਜ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਪੱਧਰ 'ਤੇ ਗੁਰਸਿੱਖ ਕਮੇਟੀਆਂ ਦਾ ਗਠਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ, ਜੋ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥਕ ਜਾਗਰੂਕਤਾ ਲਈ ਕੰਮ ਕਰਨਗੀਆਂ।

ਗੁਰਮਤੇ ਵਿੱਚ ਖਾਲਸਾ ਪੰਥ ਨੂੰ ਅਪੀਲ ਕੀਤੀ ਗਈ ਕਿ ਸੋਸ਼ਲ ਮੀਡੀਆ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਦਾ ਤੱਥਾਂ ਦੇ ਆਧਾਰ 'ਤੇ ਜਵਾਬ ਦਿੱਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਪੂਰੀ ਸਿੱਖ ਕੌਮ ਨੂੰ ਇੱਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਪੰਥਕ ਇਕੱਠ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਧਾਰਮਿਕ ਅਤੇ ਸਿਆਸੀ ਪੱਧਰ 'ਤੇ ਚਰਚਾ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.