ਤਾਜਾ ਖਬਰਾਂ
ਲੁਧਿਆਣਾ ਦੇ ਧਾਂਦਰਾ ਰੋਡ ਸਥਿਤ ਸਿਟੀ ਐਨਕਲੇਵ (ਮਹਿਮੂਦਪੁਰਾ) ਇਲਾਕੇ ਤੋਂ ਇੱਕ ਬੇਹੱਦ ਗੰਭੀਰ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲਾ ਨਾਬਾਲਗ ਲੜਕੀ ਨਾਲ ਉਸ ਦੇ ਗੁਆਂਢੀ ਵੱਲੋਂ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦਾ ਦੋਸ਼ ਲੱਗਾ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਸਦਰ ਥਾਣਾ ਪੁਲਿਸ ਨੇ ਮੁਲਜ਼ਮ ਸੋਨੂੰ ਕੁਮਾਰ ਖ਼ਿਲਾਫ਼ POCSO ਐਕਟ ਸਮੇਤ ਹੋਰ ਸੰਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕਾਰੋਬਾਰ ਦੇ ਸਬੰਧ ਵਿੱਚ ਘਰ ਤੋਂ ਬਾਹਰ ਰਹਿੰਦੇ ਸਨ। ਇਸ ਦੌਰਾਨ ਗੁਆਂਢੀ ਸੋਨੂੰ ਕੁਮਾਰ ਨੇ 29, 30 ਅਤੇ 31 ਮਈ ਨੂੰ ਘਰ ਵਿੱਚ ਇਕੱਲੀ ਮੌਜੂਦ ਉਨ੍ਹਾਂ ਦੀ 17 ਸਾਲਾ ਧੀ ਨਾਲ ਕਥਿਤ ਤੌਰ 'ਤੇ ਜਬਰਦਸਤੀ ਜਿਨਸੀ ਸ਼ੋਸ਼ਣ ਕੀਤਾ। ਡਰ ਅਤੇ ਸਮਾਜਿਕ ਬਦਨਾਮੀ ਦੇ ਖੌਫ਼ ਕਾਰਨ ਲੜਕੀ ਨੇ ਸ਼ੁਰੂਆਤ ਵਿੱਚ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ, ਪਰ ਜਦੋਂ ਉਸ ਦੀ ਸਿਹਤ ਵਿਗੜੀ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਨੇ ਪੀੜਤ ਪਰਿਵਾਰ ਦੇ ਘਰ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ, ਜਿਸ ਵਿੱਚ ਪਰਿਵਾਰ ਦਾ ਇੱਕ ਮੈਂਬਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਸੱਟ ਮਾਰਨ, ਅਪਰਾਧਿਕ ਧਮਕੀ ਦੇਣ ਅਤੇ POCSO ਐਕਟ ਦੀਆਂ ਧਾਰਾਵਾਂ 4 ਅਤੇ 6 ਤਹਿਤ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
Get all latest content delivered to your email a few times a month.