ਤਾਜਾ ਖਬਰਾਂ
ਮੀਰੀ-ਪੀਰੀ ਦੇ ਸਰਵੋਚ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਸਿਰਜਣਾ ਦਿਵਸ ਦੇ ਇਤਿਹਾਸਕ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੈਂਪਸ ਵਿੱਚ ਸਿੱਖ ਕੌਮ ਦੀਆਂ ਪ੍ਰਮੁੱਖ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਕ ਅਹਿਮ ਅਤੇ ਵੱਕਾਰੀ ਇਕੱਤਰਤਾ ਹੋਈ। ਸਰਵੋਚ ਤਖ਼ਤ ਤੋਂ ਆਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਿਹੰਗ ਮੁਖੀ ਅਤੇ ਪੰਥਕ ਆਗੂ ਇੱਕੋ ਮੰਚ 'ਤੇ ਇਕਜੁੱਟ ਹੋਏ। ਇਸ ਮੌਕੇ ਮੀਡੀਆ ਨਾਲ ਰੂ-ਬਰੂ ਹੁੰਦਿਆਂ ਨਿਹੰਗ ਆਗੂ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਇਕੱਠ ਦਾ ਮੁੱਖ ਮਨੋਰਥ ਮੌਜੂਦਾ ਪੰਥਕ ਚੁਣੌਤੀਆਂ ਅਤੇ ਮਸਲਿਆਂ 'ਤੇ ਸਾਂਝੀ ਰਣਨੀਤੀ ਉਲੇਖਣਾ ਹੈ।
ਨਿਹੰਗ ਆਗੂ ਸੁਖਪਾਲ ਸਿੰਘ ਨੇ ਗੱਲਬਾਤ ਦੀ ਸ਼ੁਰੂਆਤ ਕਰਦਿਆਂ ਸਮੁੱਚੇ ਵਿਸ਼ਵ ਵਿੱਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਕਾਸ਼/ਸਿਰਜਣਾ ਪੁਰਬ ਦੀਆਂ ਲੱਖ-ਲੱਖ ਵਧਾਈਆਂ ਪੇਸ਼ ਕੀਤੀਆਂ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਹ ਦਿਨ ਸਿੱਖ ਇਤਿਹਾਸ ਵਿੱਚ ਸਭ ਤੋਂ ਉੱਚਾ ਸਥਾਨ ਰੱਖਦਾ ਹੈ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਜਗਤ ਦੀ ਪ੍ਰਭੂਸੱਤਾ, ਨਿਆਂ ਅਤੇ ਅਗਵਾਈ ਦਾ ਉਹ ਕੇਂਦਰ ਹੈ ਜਿੱਥੋਂ ਜਾਰੀ ਹੁਕਮਨਾਮੇ ਸਮੁੱਚੀ ਕੌਮ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖਦੇ ਹਨ।
ਇਸ ਉੱਚ ਪੱਧਰੀ ਬੈਠਕ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੰਥ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੰਪਰਦਾਵਾਂ ਦੇ ਮੁਖੀ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚ ਬਾਬਾ ਮੇਜਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਕੁਲਦੀਪ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਪ੍ਰਤਾਪ ਸਿੰਘ ਜਰਗਰ ਅਤੇ ਬਾਬਾ ਖੜਕ ਸਿੰਘ ਲੁਧਿਆਣਾ ਸਮੇਤ ਕਈ ਹੋਰ ਟਕਸਾਲੀ ਮਹਾਂਪੁਰਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਸੀ ਵਿਚਾਰ-ਵਟਾਂਦਰਾ ਬੇਹੱਦ ਸੁਖਾਵੇਂ ਮਾਹੌਲ ਵਿੱਚ ਚੱਲ ਰਿਹਾ ਹੈ ਅਤੇ ਸਾਰੇ ਆਗੂਆਂ ਦੀ ਸਹਿਮਤੀ ਨਾਲ ਜੋ ਵੀ 'ਗੁਰਮਤਾ' ਪਾਸ ਹੋਵੇਗਾ, ਉਸ ਦੀ ਅਧਿਕਾਰਤ ਜਾਣਕਾਰੀ ਪ੍ਰੈੱਸ ਕਾਨਫਰੰਸ ਰਾਹੀਂ ਜਲਦ ਹੀ ਜਨਤਕ ਕੀਤੀ ਜਾਵੇਗੀ।
ਇੱਕ ਅਹਿਮ ਸਵਾਲ ਦੇ ਜਵਾਬ ਵਿੱਚ ਨਿਹੰਗ ਆਗੂ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਹਮੇਸ਼ਾ ਸ਼ਾਂਤੀ ਅਤੇ ਸਰਬੱਤ ਦੇ ਭਲੇ ਵਾਲਾ ਰਿਹਾ ਹੈ, ਅਸੀਂ ਕਿਸੇ ਵੀ ਧਿਰ ਜਾਂ ਸਰਕਾਰ ਨਾਲ ਬਿਨਾਂ ਵਜ੍ਹਾ ਕੋਈ ਟਕਰਾਅ ਨਹੀਂ ਚਾਹੁੰਦੇ। ਪਰ ਗੁਰੂ ਸਾਹਿਬਾਨ ਵੱਲੋਂ ਨਿਰਧਾਰਿਤ ਕੀਤੇ ਗਏ ਅਟੱਲ ਸਿਧਾਂਤਾਂ ਅਤੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਪਵਿੱਤਰ ਮਰਿਆਦਾ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਦੇ ਰਹਿਬਰ ਨਹੀਂ, ਬਲਕਿ ਪੂਰੀ ਮਨੁੱਖਤਾ ਨੂੰ ਸੱਚ ਦਾ ਮਾਰਗ ਦਿਖਾਉਣ ਵਾਲੇ ਜਗਦੀ ਜੋਤ ਹਨ। ਜੇਕਰ ਭਵਿੱਖ ਵਿੱਚ ਕਿਸੇ ਕਾਨੂੰਨ ਜਾਂ ਪ੍ਰਬੰਧਕੀ ਢਾਂਚੇ ਵਿੱਚ ਸੁਧਾਰ ਦੀ ਲੋੜ ਮਹਿਸੂਸ ਹੋਈ, ਤਾਂ ਉਸ ਦਾ ਫੈਸਲਾ ਵੀ ਪੁਰਾਤਨ ਪੰਥਕ ਰੀਤਾਂ ਮੁਤਾਬਕ ਹੀ ਲਿਆ ਜਾਵੇਗਾ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਆਪਸੀ ਇਤਫ਼ਾਕ ਅਤੇ ਏਕਤਾ ਹੀ ਖਾਲਸਾ ਪੰਥ ਦੀ ਅਸਲ ਤਾਕਤ ਹੈ।
Get all latest content delivered to your email a few times a month.