IMG-LOGO
ਹੋਮ ਰਾਸ਼ਟਰੀ: ਗਲੋਬਲ ਪਾਸਪੋਰਟ ਇੰਡੈਕਸ ਜਾਰੀ: ਵਿਸ਼ਵ ਸੂਚੀ 'ਚ ਭਾਰਤੀ ਪਾਸਪੋਰਟ 125ਵੇਂ...

ਗਲੋਬਲ ਪਾਸਪੋਰਟ ਇੰਡੈਕਸ ਜਾਰੀ: ਵਿਸ਼ਵ ਸੂਚੀ 'ਚ ਭਾਰਤੀ ਪਾਸਪੋਰਟ 125ਵੇਂ ਸਥਾਨ 'ਤੇ ਖਿਸਕਿਆ; ਸਵੀਡਨ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ, ਦੇਖੋ ਟਾਪ-10 ਦੇਸ਼ਾਂ ਦੀ ਲਿਸਟ

Admin User - Jul 05, 2026 12:10 PM
IMG

ਕੌਮਾਂਤਰੀ ਪੱਧਰ 'ਤੇ ਨਾਗਰਿਕਤਾ ਅਤੇ ਰੈਜ਼ੀਡੈਂਸੀ ਮਾਮਲਿਆਂ ਦੀ ਮਾਹਰ ਸੰਸਥਾ ‘ਗਲੋਬਲ ਸਿਟੀਜ਼ਨ ਸਲਿਊਸ਼ਨਜ਼’ ਵੱਲੋਂ ਗਲੋਬਲ ਪਾਸਪੋਰਟ ਇੰਡੈਕਸ ਦਾ ਪੰਜਵਾਂ ਸਾਲਾਨਾ ਐਡੀਸ਼ਨ ਨਸ਼ਰ ਕੀਤਾ ਗਿਆ ਹੈ। ਇਸ ਨਵੀਂ ਰਿਪੋਰਟ ਮੁਤਾਬਕ ਸੰਸਾਰ ਦੇ 197 ਮੁਲਕਾਂ ਵਿੱਚੋਂ ਭਾਰਤੀ ਪਾਸਪੋਰਟ ਨੂੰ 125ਵਾਂ ਸਥਾਨ ਹਾਸਲ ਹੋਇਆ ਹੈ। ਜੇਕਰ ਬੀਤੇ ਸਾਲ ਯਾਨੀ 2025 ਦੇ ਅੰਕੜਿਆਂ ਨਾਲ ਤੁਲਨਾ ਕਰੀਏ ਤਾਂ ਉਦੋਂ ਭਾਰਤ 124ਵੇਂ ਨੰਬਰ 'ਤੇ ਸੀ, ਜਿਸ ਤੋਂ ਸਾਫ਼ ਹੈ ਕਿ ਇਸ ਵਾਰ ਰੈਂਕਿੰਗ ਵਿੱਚ ਇੱਕ ਅੰਕ ਦਾ ਨੁਕਸਾਨ ਝੱਲਣਾ ਪਿਆ ਹੈ। ਹਾਲਾਂਕਿ, ਸਾਲ 2021 (127ਵੇਂ ਸਥਾਨ) ਦੇ ਮੁਕਾਬਲੇ ਭਾਰਤ ਦੀ ਮੌਜੂਦਾ ਸਥਿਤੀ ਬਿਹਤਰ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਸਾਲ ਭਾਰਤ ਦਾ ਕੁੱਲ ਸਕੋਰ 45.1 ਰਿਹਾ ਹੈ, ਜੋ ਕਿ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਸਰਵੋਤਮ ਪੱਧਰ ਹੈ।


ਆਮ ਤੌਰ 'ਤੇ ਦੁਨੀਆ ਭਰ ਵਿੱਚ ਪਾਸਪੋਰਟ ਦੀ ਤਾਕਤ ਸਿਰਫ਼ ਇਸ ਗੱਲ ਤੋਂ ਨਾਪੀ ਜਾਂਦੀ ਹੈ ਕਿ ਉਸ 'ਤੇ ਕਿੰਨੇ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਣ ਦੀ ਖੁੱਲ੍ਹ ਹੈ। ਪਰ ਗਲੋਬਲ ਪਾਸਪੋਰਟ ਇੰਡੈਕਸ (GPI) ਦਾ ਤਰੀਕਾ ਬਿਲਕੁਲ ਵੱਖਰਾ ਹੈ। ਇਹ ਕਿਸੇ ਦੇਸ਼ ਦੇ ਪਾਸਪੋਰਟ ਨੂੰ ਤਿੰਨ ਵੱਡੇ ਅਧਾਰਾਂ 'ਤੇ ਪਰਖਦਾ ਹੈ, ਜਿਸ ਵਿੱਚ ਯਾਤਰਾ ਦੀ ਸਹੂਲਤ (ਮੋਬਿਲਿਟੀ) ਨੂੰ 50 ਫ਼ੀਸਦੀ, ਦੇਸ਼ ਦੀ ਆਰਥਿਕ ਅਤੇ ਨਿਵੇਸ਼ ਸਮਰੱਥਾ ਨੂੰ 25 ਫ਼ੀਸਦੀ ਅਤੇ ਉੱਥੋਂ ਦੇ ਨਾਗਰਿਕਾਂ ਦੇ ਜੀਵਨ ਪੱਧਰ (ਕੁਆਲਿਟੀ ਆਫ ਲਿਵਿੰਗ) ਨੂੰ 25 ਫ਼ੀਸਦੀ ਵੇਟੇਜ ਦਿੱਤੀ ਜਾਂਦੀ ਹੈ।


ਰਿਪੋਰਟ ਦੇ ਵੇਰਵਿਆਂ ਮੁਤਾਬਕ, ਭਾਰਤੀ ਪਾਸਪੋਰਟ ਧਾਰਕਾਂ ਨੂੰ ਦੁਨੀਆ ਦੇ 26 ਦੇਸ਼ਾਂ ਵਿੱਚ ਬਿਨਾਂ ਕਿਸੇ ਪੂਰਵ ਵੀਜ਼ੇ ਦੇ, ਯਾਨੀ 'ਵੀਜ਼ਾ-ਮੁਕਤ' ਜਾਂ 'ਵੀਜ਼ਾ ਆਨ ਅਰਾਈਵਲ' ਰਾਹੀਂ ਦਾਖ਼ਲੇ ਦੀ ਇਜਾਜ਼ਤ ਹੈ। ਇਨ੍ਹਾਂ ਦੇਸ਼ਾਂ ਵਿੱਚ ਨੇਪਾਲ, ਭੂਟਾਨ, ਜਮੈਕਾ, ਮਕਾਊ, ਫਲਸਤੀਨ, ਟਿਊਨੀਸ਼ੀਆ, ਅੰਗੋਲਾ ਅਤੇ ਬਾਰਬਾਡੋਸ ਵਰਗੇ ਮੁਲਕ ਪ੍ਰਮੁੱਖ ਹਨ। ਇਸ ਦੇ ਉਲਟ, ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਚੀਨ, ਅੰਡੋਰਾ ਅਤੇ ਸੰਯੁਕਤ ਅਰਬ ਅਮੀਰਾ (UAE) ਸਮੇਤ ਵਿਸ਼ਵ ਦੇ ਲਗਭਗ 88 ਅਜਿਹੇ ਵੱਡੇ ਦੇਸ਼ ਹਨ, ਜਿੱਥੇ ਸਫ਼ਰ ਕਰਨ ਤੋਂ ਪਹਿਲਾਂ ਭਾਰਤੀ ਨਾਗਰਿਕਾਂ ਲਈ ਅਧਿਕਾਰਤ ਵੀਜ਼ਾ ਲੈਣਾ ਅੱਜ ਵੀ ਲਾਜ਼ਮੀ ਬਣਿਆ ਹੋਇਆ ਹੈ।


ਇਸ ਰਿਪੋਰਟ ਦਾ ਸਭ ਤੋਂ ਹੌਸਲਾ ਜਨਕ ਪਹਿਲੂ ਇਹ ਹੈ ਕਿ ਭਾਰਤ ਨੇ 'ਕੁਆਲਿਟੀ ਆਫ ਲਿਵਿੰਗ ਇੰਡੈਕਸ' (ਸਿਹਤ, ਸਿੱਖਿਆ ਅਤੇ ਨਿੱਜੀ ਸੁਰੱਖਿਆ) ਵਿੱਚ 11 ਦਰਜਿਆਂ ਦੀ ਵੱਡੀ ਛਾਲ ਮਾਰੀ ਹੈ। ਪਿਛਲੇ ਸਾਲ ਦੇ 129ਵੇਂ ਸਥਾਨ ਤੋਂ ਸੁਧਰ ਕੇ ਭਾਰਤ ਹੁਣ 118ਵੇਂ ਨੰਬਰ 'ਤੇ ਆ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਅਤੇ ਟੈਕਸ ਪ੍ਰਣਾਲੀ ਦੇ ਸਿਰ 'ਤੇ ਭਾਰਤ 'ਇਨਵੈਸਟਮੈਂਟ ਇੰਡੈਕਸ' ਵਿੱਚ ਵੀ 97ਵੇਂ ਸਥਾਨ ਤੋਂ ਸੁਧਰ ਕੇ 94ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਹਾਲਾਂਕਿ, ਯਾਤਰਾ ਸਹੂਲਤਾਂ ਨਾਲ ਜੁੜੇ 'ਐਨਹਾਂਸਡ ਮੋਬਿਲਿਟੀ ਇੰਡੈਕਸ' ਵਿੱਚ ਭਾਰਤ ਇੱਕ ਪਾਇਦਾਨ ਹੇਠਾਂ ਆ ਕੇ 136ਵੇਂ ਸਥਾਨ 'ਤੇ ਰਿਹਾ।


ਇਸ ਸਾਲ ਦੀ ਗਲੋਬਲ ਸੂਚੀ ਵਿੱਚ ਯੂਰਪੀ ਦੇਸ਼ ਸਵੀਡਨ ਨੇ ਪਹਿਲਾ ਸਥਾਨ ਹਾਸਲ ਕਰਕੇ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਬਾਅਦ ਕ੍ਰਮਵਾਰ ਦੂਜੇ ਨੰਬਰ 'ਤੇ ਸਵਿਟਜ਼ਰਲੈਂਡ, ਤੀਜੇ 'ਤੇ ਫਿਨਲੈਂਡ, ਚੌਥੇ 'ਤੇ ਜਰਮਨੀ ਅਤੇ ਪੰਜਵੇਂ 'ਤੇ ਨੀਦਰਲੈਂਡਸ ਕਾਬਜ਼ ਹਨ। ਦੁਨੀਆ ਦੇ ਸਰਵੋਤਮ 10 ਦੇਸ਼ਾਂ ਦੀ ਇਸ ਸੂਚੀ ਵਿੱਚ ਅਗਲੇ ਸਥਾਨਾਂ 'ਤੇ ਕ੍ਰਮਵਾਰ ਡੈਨਮਾਰਕ (ਛੇਵਾਂ), ਆਇਰਲੈਂਡ (ਸੱਤਵਾਂ), ਯੂਨਾਈਟਿਡ ਕਿੰਗਡਮ (ਅੱਠਵਾਂ), ਨਾਰਵੇ (ਨੌਵਾਂ) ਅਤੇ ਸਿੰਗਾਪੁਰ (ਦਸਵਾਂ) ਸ਼ਾਮਲ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.