ਪੰਜਾਬ ਦੇ ਅਜਨਾਲਾ ਨਾਲ ਸਬੰਧਤ ਨੌਜਵਾਨ ਪਲਵਿੰਦਰ ਸਿੰਘ, ਜੋ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਰੋਜ਼ੀ-ਰੋਟੀ ਕਮਾਉਣ ਵਾਸਤੇ ਬੁਲਗਾਰੀਆ ਗਿਆ ਹੋਇਆ ਸੀ, ਪਿਛਲੇ ਮਹੀਨੇ ਉੱਥੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਾ। ਲਗਭਗ ਇੱਕ ਮਹੀਨੇ ਦੀਆਂ ਕਾਨੂੰਨੀ ਕਾਰਵਾਈਆਂ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇਹ ਦਿੱਲੀ ਹਵਾਈ ਅੱਡੇ ਤੋਂ ਐਂਬੂਲੈਂਸ ਰਾਹੀਂ ਉਸਦੇ ਜੱਦੀ ਸ਼ਹਿਰ ਅਜਨਾਲਾ ਲਿਆਂਦੀ ਗਈ।
ਜਿਵੇਂ ਹੀ ਤਾਬੂਤ ਵਿੱਚ ਬੰਦ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਘਰ ਪੁੱਜੀ, ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਆਪਣੇ ਲਾਡਲੇ ਪੁੱਤਰ ਨੂੰ ਆਖ਼ਰੀ ਵਾਰ ਦੇਖ ਕੇ ਮਾਂ ਦੀਆਂ ਚੀਕਾਂ, ਪਿਤਾ ਦੀਆਂ ਨਮ ਅੱਖਾਂ ਅਤੇ ਭੈਣ-ਭਰਾਵਾਂ ਦੇ ਵਿਰਲਾਪ ਨੇ ਮੌਕੇ 'ਤੇ ਮੌਜੂਦ ਹਰ ਵਿਅਕਤੀ ਨੂੰ ਭਾਵੁਕ ਕਰ ਦਿੱਤਾ। ਜਿਸ ਪੁੱਤਰ ਨੂੰ ਪਰਿਵਾਰ ਨੇ ਉਮੀਦਾਂ ਅਤੇ ਸੁਪਨਿਆਂ ਨਾਲ ਵਿਦੇਸ਼ ਭੇਜਿਆ ਸੀ, ਉਹ ਅੱਜ ਮ੍ਰਿਤਕ ਦੇਹ ਦੇ ਰੂਪ ਵਿੱਚ ਵਾਪਸ ਘਰ ਆਇਆ।
ਪਲਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋ, ਰਿਸ਼ਤੇਦਾਰਾਂ, ਦੋਸਤਾਂ, ਸਮਾਜਿਕ ਅਤੇ ਧਾਰਮਿਕ ਆਗੂਆਂ ਸਮੇਤ ਇਲਾਕੇ ਦੇ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਅਜਨਾਲਾ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਪਲਵਿੰਦਰ ਸਿੰਘ ਦੇ ਚਾਚਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਚੰਗੇ ਭਵਿੱਖ ਦੀ ਉਮੀਦ ਨਾਲ ਵਿਦੇਸ਼ ਗਿਆ ਸੀ, ਪਰ ਇੱਕ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਇੱਕ ਪਲ ਵਿੱਚ ਹੀ ਤੋੜ ਦਿੱਤੀਆਂ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੀ ਆਰਥਿਕ ਅਤੇ ਹਰ ਸੰਭਵ ਪੱਧਰ 'ਤੇ ਮਦਦ ਕੀਤੀ ਜਾਵੇ।
ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵੀ ਪਲਵਿੰਦਰ ਸਿੰਘ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ। ਉਨ੍ਹਾਂ ਅਰਦਾਸ ਕੀਤੀ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰੇ।