ਤਾਜਾ ਖਬਰਾਂ
ਪਾਕਿਸਤਾਨ ਦੇ ਰਣਨੀਤਕ ਪੱਖੋਂ ਅਹਿਮ ਬੰਦਰਗਾਹ ਸ਼ਹਿਰ ਗਵਾਦਰ ਵਿੱਚ ਇੱਕ ਵਾਰ ਫਿਰ ਵੱਡਾ ਖ਼ੂਨੀ ਹੰਗਾਮਾ ਹੋਇਆ ਹੈ। ਗਵਾਦਰ ਦੇ ਜੀਵਾਨੀ ਖੇਤਰ ਅਧੀਨ ਪੈਂਦੇ ਪਨਵਾਨ ਵਿੱਚ ਸਥਿਤ ਪਾਕਿਸਤਾਨ ਕੋਸਟ ਗਾਰਡ ਦੇ ਇੱਕ ਮੁੱਖ ਕੈਂਪ 'ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਭਿਆਨਕ ਆਤਮਘਾਤੀ ਅਤੇ ਜ਼ਮੀਨੀ ਹਮਲਾ ਕੀਤਾ ਗਿਆ। ਇਸ ਹਮਲੇ ਦੀ ਤੁਰੰਤ ਜ਼ਿੰਮੇਵਾਰੀ ਵੱਖਵਾਦੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ (BLA) ਨੇ ਲਈ ਹੈ। 'ਦ ਬਲੋਚਿਸਤਾਨ ਪੋਸਟ' ਦੀ ਰਿਪੋਰਟ ਮੁਤਾਬਕ, ਬੀਐਲਏ ਨੇ ਦਾਅਵਾ ਕੀਤਾ ਹੈ ਕਿ ਇਸ ਕਾਰਵਾਈ ਵਿੱਚ ਪਾਕਿਸਤਾਨੀ ਫ਼ੌਜ ਦੇ 30 ਤੋਂ ਵੱਧ ਸੈਨਿਕ ਮਾਰੇ ਗਏ ਹਨ ਅਤੇ ਦਰਜਨਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਰਿਪੋਰਟਾਂ ਅਨੁਸਾਰ, ਇਸ ਖ਼ਤਰਨਾਕ ਆਪ੍ਰੇਸ਼ਨ ਨੂੰ ਬੀਐਲਏ ਦੀ ਸਭ ਤੋਂ ਖ਼ੌਫ਼ਨਾਕ ਮੰਨੀ ਜਾਣ ਵਾਲੀ 'ਮਜੀਦ ਬ੍ਰਿਗੇਡ' ਨੇ ਅੰਜਾਮ ਦਿੱਤਾ ਹੈ। ਸੰਗਠਨ ਵੱਲੋਂ ਜਾਰੀ ਬਿਆਨ ਵਿੱਚ ਆਤਮਘਾਤੀ ਹਮਲਾਵਰ ਦੀ ਪਛਾਣ ਅਤਾਉੱਲਾ ਬਲੋਚ ਉਰਫ਼ ਅਜਮਲ ਵਜੋਂ ਕੀਤੀ ਗਈ ਹੈ। ਸ਼ੁੱਕਰਵਾਰ ਸ਼ਾਮ ਠੀਕ 6:32 ਵਜੇ (ਸਥਾਨਕ ਸਮੇਂ ਮੁਤਾਬਕ) ਬਾਰੂਦ ਨਾਲ ਭਰੇ ਇੱਕ ਵੱਡੇ ਮਾਜ਼ਦਾ ਟਰੱਕ ਨੂੰ ਹਾਈ-ਸਕਿਉਰਿਟੀ ਵਾਲੇ ਕੋਸਟ ਗਾਰਡ ਕੈਂਪ ਦੇ ਅੰਦਰ ਵਾੜ ਕੇ ਜ਼ੋਰਦਾਰ ਧਮਾਕਾ ਕੀਤਾ ਗਿਆ। ਬੀਐਲਏ ਦੇ ਮੀਡੀਆ ਵਿੰਗ 'ਹੱਕਲ' ਵੱਲੋਂ ਜਾਰੀ ਕੀਤੀ ਗਈ 43 ਸੈਕੰਡ ਦੀ ਇੱਕ ਵੀਡੀਓ ਕਲਿੱਪ ਵਿੱਚ ਟਰੱਕ ਨੂੰ ਕੈਂਪ ਦੇ ਅਹਾਤੇ ਵਿੱਚ ਦਾਖਲ ਹੁੰਦੇ ਅਤੇ ਉਸ ਤੋਂ ਤੁਰੰਤ ਬਾਅਦ ਇੱਕ ਭਿਆਨਕ ਗੋਲਾ ਬਣਦੇ ਸਾਫ਼ ਦੇਖਿਆ ਜਾ ਸਕਦਾ ਹੈ।
ਬੀਐਲਏ ਦੇ ਅਧਿਕਾਰਤ ਬੁਲਾਰੇ ਜ਼ਿਆਂਦ ਬਲੋਚ ਨੇ ਦਾਅਵਾ ਕੀਤਾ ਕਿ ਇਸ ਜ਼ਬਰਦਸਤ ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਕਿਲ੍ਹੇਨੁਮਾ ਬਸਤੀਵਾਦੀ ਕੋਸਟ ਗਾਰਡ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਮਲਬੇ ਦੇ ਢੇਰ ਵਿੱਚ ਬਦਲ ਗਿਆ। ਧਮਾਕੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਅਤੇ ਫੁਟੇਜ ਵਿੱਚ ਵੀ ਫ਼ੌਜੀ ਢਾਂਚੇ ਦਾ ਇੱਕ ਬਹੁਤ ਵੱਡਾ ਹਿੱਸਾ ਜ਼ਮੀਨਦੋਜ਼ ਹੋਇਆ ਦਿਖਾਈ ਦੇ ਰਿਹਾ ਹੈ।
ਗਰੁੱਪ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਹ ਹਮਲਾ ਸਿਰਫ਼ ਆਤਮਘਾਤੀ ਟਰੱਕ ਧਮਾਕੇ ਤੱਕ ਹੀ ਸੀਮਤ ਨਹੀਂ ਸੀ। ਧਮਾਕੇ ਦੇ ਤੁਰੰਤ ਬਾਅਦ ਬੀਐਲਏ ਦੇ ਰਣਨੀਤਕ ਵਿੰਗ 'ਫ਼ਤਿਹ ਸਕੁਐਡ' ਨੇ ਚਾਰੇ ਪਾਸਿਆਂ ਤੋਂ ਤਬਾਹ ਹੋਏ ਕੈਂਪ 'ਤੇ ਇੱਕ ਤਾਲਮੇਲਬੱਧ (Coordinated) ਜ਼ਮੀਨੀ ਹਮਲਾ ਸ਼ੁਰੂ ਕਰ ਦਿੱਤਾ। ਹਥਿਆਰਬੰਦ ਲੜਾਕਿਆਂ ਨੇ ਬਾਕੀ ਬਚੇ ਫ਼ੌਜੀ ਅਧਿਕਾਰੀਆਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਪਾਕਿਸਤਾਨੀ ਫ਼ੌਜ ਦੇ ਹਵਾਲੇ ਤੋਂ ਹਾਲੇ ਤੱਕ ਮਰਨ ਵਾਲਿਆਂ ਦੇ ਅਧਿਕਾਰਤ ਅੰਕੜਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਪੂਰੇ ਇਲਾਕੇ ਨੂੰ ਫ਼ੌਜ ਨੇ ਘੇਰ ਲਿਆ ਹੈ ਅਤੇ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
Get all latest content delivered to your email a few times a month.