IMG-LOGO
ਹੋਮ ਪੰਜਾਬ, ਮਨੋਰੰਜਨ, ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਵਾਂ ਹੰਗਾਮਾ: 'ਅਪਸਰਾ 2' ਗੀਤ ਕਾਰਨ...

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਵਾਂ ਹੰਗਾਮਾ: 'ਅਪਸਰਾ 2' ਗੀਤ ਕਾਰਨ ਵਿਵਾਦਾਂ 'ਚ ਘਿਰੇ ਗੀਤਕਾਰ ਜਾਨੀ; ਈਸਾਈ ਭਾਈਚਾਰੇ ਨੇ ਜਲੰਧਰ ਪੁਲਿਸ ਨੂੰ ਸੌਂਪੀ ਸ਼ਿਕਾਇਤ

Admin User - Jul 04, 2026 12:30 PM
IMG

ਮਸ਼ਹੂਰ ਪੰਜਾਬੀ ਗੀਤਕਾਰ ਅਤੇ ਗਾਇਕ ਜਾਨੀ ਆਪਣੇ ਇੱਕ ਨਵੇਂ ਗੀਤ ਦੇ ਬੋਲਾਂ (Lyrics) ਨੂੰ ਲੈ ਕੇ ਵੱਡੇ ਵਿਵਾਦਾਂ ਵਿੱਚ ਫਸ ਗਏ ਹਨ। ਜਲੰਧਰ ਦੇ ਈਸਾਈ ਭਾਈਚਾਰੇ ਨੇ ਜਾਨੀ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ “ਅਪਸਰਾ 2” 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਧਾਰਮਿਕ ਆਸਥਾ ਨਾਲ ਖਿਲਵਾੜ ਦੱਸਿਆ ਹੈ। ਭਾਈਚਾਰੇ ਦੇ ਆਗੂਆਂ ਦਾ ਦੋਸ਼ ਹੈ ਕਿ ਗੀਤ ਵਿੱਚ ਪਵਿੱਤਰ ਚਰਚ ਅਤੇ ਉੱਥੇ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਦੀ ਤੁਲਨਾ 'ਅਪਸਰਾ' ਨਾਲ ਕਰਕੇ ਈਸਾਈ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ। ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪ ਕੇ ਗਾਇਕ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।


ਈਸਾਈ ਭਾਈਚਾਰੇ ਦੇ ਸਥਾਨਕ ਧਾਰਮਿਕ ਆਗੂਆਂ ਨੇ ਗੀਤ ਦੀਆਂ ਵਿਵਾਦਿਤ ਲਾਈਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੀਤ ਵਿੱਚ ਲਿਖਿਆ ਗਿਆ ਹੈ—“ਲੱਭਦੇ ਲੱਭਦੇ ਚਲਾ ਗਿਆ, ਮੈਂ ਇੱਕ ਚਰਚ ਦੇ ਅੰਦਰ...ਚਰਚ ਦੇ ਅੰਦਰ ਜਾ ਕੇ ਜਗਾਈਆਂ ਮੋਮਬੱਤੀਆਂ...ਕੀ ਦੱਸਾਂ ਮੇਰੇ ਕਿੰਨੀਆਂ ਕੰਮ ਆਈਆਂ ਮੋਮਬੱਤੀਆਂ...ਮੋਮਬੱਤੀਆਂ ਦੇ ਧੂਏਂ ‘ਚੋਂ ਦੁਆ ਦਿਖੀ ਮੈਨੂੰ...ਚਰਚ ਦਾ ਦਰਵਾਜ਼ਾ ਖੁੱਲ੍ਹਿਆ ਅਪਸਰਾ ਦਿਖੀ ਮੈਨੂੰ...।”


ਆਗੂਆਂ ਦਾ ਕਹਿਣਾ ਹੈ ਕਿ ਚਰਚ ਇੱਕ ਅਤਿ ਪਵਿੱਤਰ ਇਬਾਦਤਗਾਹ ਹੈ, ਜਿੱਥੇ ਲੋਕ ਰੂਹਾਨੀ ਸਕੂਨ ਲਈ ਜਾਂਦੇ ਹਨ। ਅਜਿਹੇ ਸਥਾਨ ਦਾ ਵਪਾਰਕ ਗੀਤਾਂ ਵਿੱਚ ਅਜਿਹਾ ਫ਼ਿਲਮਾਂਕਣ ਜਾਂ ਸ਼ਬਦੀ ਵਰਤੋਂ ਕਰਨਾ ਚਰਚ ਦਾ ਸਿੱਧਾ ਅਪਮਾਨ ਹੈ, ਜਿਸ ਕਾਰਨ ਪੂਰੇ ਸਮਾਜ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।


ਵਿਵਾਦ ਵਧਣ ਤੋਂ ਬਾਅਦ ਬੀਤੇ ਦਿਨ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਮੈਂਬਰ ਅਤੇ ਪ੍ਰਮੁੱਖ ਆਗੂ ਇਕੱਠੇ ਹੋ ਕੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚੇ। ਉੱਥੇ ਉਨ੍ਹਾਂ ਨੇ ਜਾਨੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰਸਮੀ ਸ਼ਿਕਾਇਤ ਦਰਜ ਕਰਵਾਈ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਮਨੋਰੰਜਨ ਦੇ ਨਾਂ 'ਤੇ ਕਿਸੇ ਵੀ ਧਰਮ ਦੇ ਪ੍ਰਤੀਕਾਂ ਦਾ ਮਜ਼ਾਕ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਹਾਸਲ ਕਰਕੇ ਮਾਮਲੇ ਦੀ ਕਾਨੂੰਨੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।


ਈਸਾਈ ਸਮਾਜ ਦੇ ਨੁਮਾਇੰਦਿਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਗੀਤਕਾਰ ਜਾਨੀ ਵਿਰੁੱਧ ਜਲਦੀ ਠੋਸ ਕਾਨੂੰਨੀ ਕਾਰਵਾਈ ਨਾ ਕੀਤੀ, ਤਾਂ ਉਹ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਭਾਈਚਾਰੇ ਨੇ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਇੱਕ ਵੱਡਾ ਤਿੱਖਾ ਅੰਦੋਲਨ ਅਤੇ ਚੱਕਾ ਜਾਮ ਕਰਨ ਦੀ ਰਣਨੀਤੀ ਉਲੀਕਣ ਦਾ ਵੀ ਐਲਾਨ ਕੀਤਾ ਹੈ। ਸਿਆਸੀ ਮਾਹਰਾਂ ਮੁਤਾਬਕ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਾਰਨ ਇਹ ਮੁੱਦਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੂਲ ਫੜ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.