ਤਾਜਾ ਖਬਰਾਂ
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਗਿਆਨ ਭਾਰਤੀ ਮੈਟਰੋ ਸਟੇਸ਼ਨ ਦੇ ਹੇਠਾਂ ਸ਼ੁੱਕਰਵਾਰ ਸ਼ਾਮ ਉਸ ਵੇਲੇ ਅਫਰਾ-ਤਫਰੀ ਮਚ ਗਈ, ਜਦੋਂ ਕੇਰਲ ਰਾਜ ਸੜਕ ਆਵਾਜਾਈ ਨਿਗਮ (KSRTC) ਦੀ ਇੱਕ ਚਲਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਬੱਸ ਦੇ ਅਗਲੇ ਹਿੱਸੇ ਅਤੇ ਕੇਬਿਨ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਖ਼ੁਸ਼ਕਿਸਮਤੀ ਇਹ ਰਹੀ ਕਿ ਸਮਾਂ ਰਹਿੰਦੇ ਬੱਸ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲ ਆਏ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਸੋਸ਼ਲ ਮੀਡੀਆ 'ਤੇ ਇਸ ਅਗਨ-ਕਾਂਡ ਦੀ ਇੱਕ ਰੂਹ ਕੰਬਾਊ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਚਸ਼ਮਦੀਦਾਂ ਅਨੁਸਾਰ, ਸ਼ੁੱਕਰਵਾਰ ਸ਼ਾਮ ਨੂੰ ਜਦੋਂ ਬੱਸ ਗਿਆਨ ਭਾਰਤੀ ਮੈਟਰੋ ਸਟੇਸ਼ਨ ਦੇ ਕੋਲੋਂ ਲੰਘ ਰਹੀ ਸੀ, ਉਦੋਂ ਹੀ ਅਚਾਨਕ ਉਸ ਦੇ ਇੰਜਣ ਵਾਲੇ ਹਿੱਸੇ ਵਿੱਚੋਂ ਸੰਘਣਾ ਧੂੰਆਂ ਨਿਕਲਣ ਲੱਗਾ। ਖ਼ਤਰੇ ਨੂੰ ਭਾਪਦਿਆਂ ਡਰਾਈਵਰ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਰੋਕ ਦਿੱਤਾ। ਉਸ ਵੇਲੇ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ ਸਿਰਫ਼ ਦੋ ਮੁਸਾਫਰ ਹੀ ਸਵਾਰ ਸਨ। ਚਾਰਾਂ ਨੇ ਬਿਨਾਂ ਸਮਾਂ ਗਵਾਏ ਫੁਰਤੀ ਦਿਖਾਈ ਅਤੇ ਬੱਸ ਵਿੱਚੋਂ ਬਾਹਰ ਕੁੱਦ ਗਏ। ਉਨ੍ਹਾਂ ਦੇ ਬਾਹਰ ਆਉਂਦੇ ਹੀ ਕੁਝ ਹੀ ਸੈਕੰਡਾਂ ਵਿੱਚ ਅੱਗ ਦੀਆਂ ਉੱਚੀਆਂ ਲਪਟਾਂ ਨੇ ਪੂਰੀ ਬੱਸ ਨੂੰ ਘੇਰ ਲਿਆ। ਸੜਕ 'ਤੇ ਚੱਲ ਰਹੇ ਰਾਹਗੀਰਾਂ ਨੇ ਤੁਰੰਤ ਸੁਰੱਖਿਅਤ ਦੂਰੀ ਬਣਾਈ, ਜਦੋਂ ਕਿ ਕੁਝ ਲੋਕ ਆਪਣੇ ਮੋਬਾਈਲ ਫੋਨਾਂ ਵਿੱਚ ਇਸ ਘਟਨਾ ਦੀ ਵੀਡੀਓ ਰਿਕਾਰਡ ਕਰਨ ਲੱਗੇ।
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਦੰਕਲ ਅਤੇ ਐਮਰਜੈਂਸੀ ਸੇਵਾ ਦੇ ਕਰਮਚਾਰੀ ਗੱਡੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਯੁੱਧ ਪੱਧਰ 'ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਇਸ ਨੂੰ ਪੂਰੀ ਬੱਸ ਵਿੱਚ ਫੈਲਣ ਜਾਂ ਆਲੇ-ਦੁਆਲੇ ਤੋਂ ਲੰਘ ਰਹੇ ਹੋਰ ਵਾਹਨਾਂ ਨੂੰ ਚਪੇਟ ਵਿੱਚ ਲੈਣ ਤੋਂ ਰੋਕ ਦਿੱਤਾ ਗਿਆ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਜਣ ਵਿੱਚ ਕਿਸੇ ਤਕਨੀਕੀ ਖ਼ਰਾਬੀ ਜਾਂ ਸ਼ਾਰਟ ਸਰਕਟ ਦੇ ਕਾਰਨ ਹੋਇਆ ਹੋ ਸਕਦਾ ਹੈ।
ਇਸ ਅਚਾਨਕ ਹੋਏ ਅਗਨ-ਕਾਂਡ ਕਾਰਨ ਸਭ ਤੋਂ ਰੁਝੇਵੇਂ ਵਾਲੇ ਗਿਆਨ ਭਾਰਤੀ ਮੈਟਰੋ ਸਟੇਸ਼ਨ ਦੇ ਹੇਠਾਂ ਕੁਝ ਸਮੇਂ ਲਈ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ। ਬੈਂਗਲੁਰੂ ਟ੍ਰੈਫਿਕ ਪੁਲਿਸ ਨੇ ਸਥਿਤੀ ਨੂੰ ਸੰਭਾਲਦਿਆਂ ਸੜਕ ਦੇ ਪ੍ਰਭਾਵਿਤ ਹਿੱਸੇ 'ਤੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ, ਤਾਂ ਜੋ ਫਾਇਰ ਬ੍ਰਿਗੇਡ ਦੇ ਆਪ੍ਰੇਸ਼ਨ ਵਿੱਚ ਕੋਈ ਰੁਕਾਵਟ ਨਾ ਆਵੇ। ਅੱਗ ਪੂਰੀ ਤਰ੍ਹਾਂ ਬੁਝਣ ਅਤੇ ਮਲਬੇ ਨੂੰ ਹਟਾਉਣ ਤੋਂ ਬਾਅਦ ਹੀ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਹਾਲ ਕੀਤਾ ਜਾ ਸਕਿਆ। ਸਥਾਨਕ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਵਿਸਤ੍ਰਿਤ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।
Get all latest content delivered to your email a few times a month.