IMG-LOGO
ਹੋਮ ਰਾਸ਼ਟਰੀ: ਪ੍ਰਧਾਨ ਮੰਤਰੀ ਮੋਦੀ 6 ਜੁਲਾਈ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ...

ਪ੍ਰਧਾਨ ਮੰਤਰੀ ਮੋਦੀ 6 ਜੁਲਾਈ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ; ਵਿਦਿਆਰਥੀ ਵੀਜ਼ਾ ਦੇਰੀ ਦਾ ਮੁੱਦਾ ਕੈਨਬਰਾ ਸਾਹਮਣੇ ਜ਼ੋਰ-ਸ਼ੋਰ ਨਾਲ ਉਠਾਏਗਾ...

Admin User - Jul 04, 2026 10:48 AM
IMG

ਹਿੰਦ ਮਹਾਸਾਗਰ ਦੇ ਪੂਰਬੀ ਖੇਤਰ (Indo-Pacific Region) ਵਿੱਚ ਭਾਰਤ ਦੇ ਰਣਨੀਤਕ ਅਤੇ ਕੂਟਨੀਤਕ ਸਬੰਧਾਂ ਨੂੰ ਨਵੀਂ ਉਚਾਈ 'ਤੇ ਲਿਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਤੋਂ 11 ਜੁਲਾਈ ਤੱਕ ਤਿੰਨ ਦੇਸ਼ਾਂ—ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਛੇ ਦਿਨਾਂ ਅਹਿਮ ਦੌਰੇ 'ਤੇ ਰਹਿਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਸ ਉੱਚ-ਪੱਧਰੀ ਦੌਰੇ ਦੌਰਾਨ ਜਿੱਥੇ ਖੇਤਰੀ ਸੁਰੱਖਿਆ ਅਤੇ ਵਪਾਰ 'ਤੇ ਚਰਚਾ ਹੋਵੇਗੀ, ਉੱਥੇ ਹੀ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਹਿੱਤ ਵਿੱਚ ਵੀਜ਼ਾ ਦੇਰੀ ਦਾ ਗੰਭੀਰ ਮੁੱਦਾ ਆਸਟ੍ਰੇਲੀਆਈ ਸਰਕਾਰ ਕੋਲ ਸਭ ਤੋਂ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ।


ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਉਨ੍ਹਾਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹੈ, ਜਿਨ੍ਹਾਂ ਦਾ ਸਾਹਮਣਾ ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆਈ ਵੀਜ਼ਾ ਪ੍ਰਕਿਰਿਆ ਵਿੱਚ ਹੋ ਰਹੀ ਲੰਮੀ ਦੇਰੀ ਅਤੇ ਦਾਖ਼ਲਾ ਨਿਯਮਾਂ ਦੇ ਸਖ਼ਤ ਹੋਣ ਕਾਰਨ ਕਰਨਾ ਪੈ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ (ਇੰਡੋ-ਪੈਸੀਫਿਕ) ਵਿਸ਼ਵੇਸ਼ ਨੇਗੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉੱਚ ਸਿੱਖਿਆ ਲਈ ਆਸਟ੍ਰੇਲੀਆ ਅਜੇ ਵੀ ਭਾਰਤੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਲਈ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਇਹ ਮੁੱਦਾ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਹੋਣ ਵਾਲੀ ਬੈਠਕ ਦਾ ਮੁੱਖ ਏਜੰਡਾ ਹੋਵੇਗਾ।


ਜੁਆਇੰਟ ਸਕੱਤਰ ਨੇਗੀ ਨੇ ਅੱਗੇ ਦੱਸਿਆ ਕਿ ਭਾਰਤ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਆਸਟ੍ਰੇਲੀਆ ਸਰਕਾਰ ਦੇ ਡਿਪਲੋਮੈਟਿਕ ਸੰਪਰਕ ਵਿੱਚ ਹੈ। ਨਵੀਂ ਦਿੱਲੀ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਸ਼ਾਸਨਿਕ ਜਾਂ ਵੀਜ਼ਾ ਪ੍ਰਕਿਰਿਆ ਦੀਆਂ ਖ਼ਾਮੀਆਂ ਕਾਰਨ ਕਿਸੇ ਵੀ ਅਸਲ (Genuine) ਵਿਦਿਆਰਥੀ ਜਾਂ ਭਾਰਤੀ ਪੇਸ਼ੇਵਰ (Professional) ਦੇ ਆਸਟ੍ਰੇਲੀਆ ਜਾ ਕੇ ਪੜ੍ਹਨ ਜਾਂ ਕੰਮ ਕਰਨ ਦੇ ਸੁਪਨੇ ਅਤੇ ਮੌਕਿਆਂ 'ਤੇ ਕੋਈ ਮਾੜਾ ਅਸਰ ਨਾ ਪਵੇ।


ਸਿਆਸੀ ਮਾਹਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 6 ਦਿਨਾਂ ਦੌਰਾ ਰਣਨੀਤਕ ਅਤੇ ਆਰਥਿਕ ਪੱਖੋਂ ਬੇਹੱਦ ਮਹੱਤਵਪੂਰਨ ਹੈ। ਚੀਨ ਦੇ ਵਧਦੇ ਪ੍ਰਭਾਵ ਦਰਮਿਆਨ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਭਾਰਤ ਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹੈ। ਇਸ ਦੌਰੇ ਦੌਰਾਨ ਕਈ ਅਹਿਮ ਰੱਖਿਆ ਅਤੇ ਵਪਾਰਕ ਸਮਝੌਤਿਆਂ 'ਤੇ ਵੀ ਸਹੀ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.